farmer commit suicide ਲੁਧਿਆਣਾ, (ਤਰਸੇਮ ਭਾਰਦਵਾਜ)- ਦੇਸ਼ ‘ਚ ਕੋਰੋਨਾ ਮਹਾਂਮਾਰੀ ਆਪਣਾ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ।ਜਿਸਦੇ ਮੱਦੇਨਜ਼ਰ ਸਰਕਾਰਾਂ ਵਲੋਂ ਦੇਸ਼ ‘ਚ ਲਾਕਡਾਊਨ ਲਗਾਇਆ ਹੋਇਆ ਹੈ।ਜਿਸ ਕਰਕੇ ਆਮ ਆਦਮੀ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਲੋਕਾਂ ਦੇ ਕੰਮ ਠੱਪ ਹੋ ਜਾਣ ਕਾਰਨ ਕਈ ਗਰੀਬ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ।ਲਾਕਡਾਊਨ ‘ਚ ਕੰਮ ਨਾ ਮਿਲਣ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਚੁੱਕੇ ਹਨ।
ਜਿਸ ਕਾਰਨ ਘਰਾਂ ‘ਚ ਅਹਿੰਸਾ ਪ੍ਰਗਟ ਹੁੰਦੀ ਹੈ ਅਤੇ ਕਈ ਲੋਕ ਖੁਦਕੁਸ਼ੀਆਂ ਦਾ ਰਸਤਾ ਅਪਣਾ ਰਹੇ ਹਨ।ਲੁਧਿਆਣਾ ਜ਼ਿਲੇ ਨਾਲ ਲੱਗਦੇ ਪਿੰਡ ਮਾਛੀਵਾੜਾ ਵਿਖੇ ਕਿਸਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਕੋਟਾਲਾ ਬੇਟ ਵਿਖੇ ਕਿਸਾਨ ਰਵਿੰਦਰ ਸਿੰਘ (36) ਨੇ ਫ਼ਾਹਾ ਲੈ ਕੇ ਘਰ ’ਚ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਬੀਤੇ ਕੁੱਝ ਸਾਲਾਂ ਤੋਂ ਅਰਬ ਦੇਸ਼ ਵਿਖੇ ਨੌਕਰੀ ਕਰਦਾ ਰਿਹਾ ਅਤੇ ਕੁੱਝ ਮਹੀਨੇ ਪਹਿਲਾਂ ਹੀ ਉਹ ਆਪਣੇ ਪਿੰਡ ਪਰਿਵਾਰ ਕੋਲ ਪਰਤ ਆਇਆ ਸੀ। ਪਿੰਡ ਆ ਕੇ ਉਹ ਸ਼ਰਾਬ ਦਾ ਸੇਵਨ ਜ਼ਿਆਦਾ ਕਰਨ ਲੱਗ ਪਿਆ ਅਤੇ ਪਿਛਲੇ 5 ਮਹੀਨਿਆਂ ਤੋਂ ਉਹ ਇਸ ਦਾ ਕਾਫ਼ੀ ਆਦੀ ਹੋ ਗਿਆ ਸੀ,ਰਵਿੰਦਰ ਸਿੰਘ ਇੱਕ ਛੋਟਾ ਕਿਸਾਨ ਵੀ ਸੀ ਅਤੇ ਉਹ ਸਕੂਲ ਦੀ ਬੱਸ ਵੀ ਚਲਾਉਂਦਾ ਰਿਹਾ ਪਰ ਹੁਣ ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਸਨ, ਜਿਸ ਕਾਰਣ ਉਹ ਨੌਕਰੀ ’ਤੇ ਵੀ ਨਹੀਂ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਸ਼ਰਾਬ ਦਾ ਸੇਵਨ ਜ਼ਿਆਦਾ ਕਰਨ ਕਾਰਨ ਰਵਿੰਦਰ ਸਿੰਘ ਪਰੇਸ਼ਾਨ ਸੀ ਅਤੇ ਉਸ ਨੇ ਘਰ ’ਚ ਹੀ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਵੱਲੋਂ ਰਵਿੰਦਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।