farmer protest youth death: ਲੁਧਿਆਣਾ (ਤਰਸੇਮ ਭਾਰਦਵਾਜ)- ਕੜਾਕੇ ਦੀ ਠੰਡ ‘ਚ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾ ਦਾ ਸੰਘਰਸ਼ 27ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਿਆ ਹੈ ਪਰ ਜ਼ਾਲਮ ਸਰਕਾਰਾਂ ਵੱਲੋਂ ਹਾਲੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਹੈ ਪਰ ਇਸ ਮਹਾਂਘੋਲ ‘ਚ ਜਿੱਥੇ ਸਮਾਜ ਦਾ ਹਰ ਤਬਕਾ ਅੱਗੇ ਆ ਕੇ ਸਮਰੱਥਨ ਦੇ ਰਿਹਾ ਹੈ, ਉੱਥੇ ਹੀ ਹੁਣ ਤਕ ਕਈ ਕਿਸਾਨ ਆਪਣੀ ਜਿੰਦਗੀ ਸੰਘਰਸ਼ ਦੇ ਲੇਖੇ ਲਾ ਚੁੱਕੇ ਹਨ, ਇਸ ਦੇ ਚੱਲਦਿਆਂ ਹੁਣ ਮੁੱਲਾਂਪੁਰ ਦਾਖਾ ਦਾ ਇਕ ਨੌਜਵਾਨ ਵੀ ਆਪਣੀ ਜਿੰਦਗੀ ਇਸ ਸੰਘਰਸ਼ ਲਈ ਕੁਰਬਾਨ ਕਰ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਕਿਸਾਨੀ ਅੰਦੋਲਨ ‘ਚ ਆਪਣਾ ਯੋਗਦਾਨ ਪਾ ਕੇ ਬੀਤੀ ਰਾਤ ਵਾਪਸ ਪਰਤ ਰਹੇ ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ ਦੇ ਦੋ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਵਿਚ ਇਕ 31 ਸਾਲ ਨੌਜਵਾਨ ਹਰਜਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਦੂਜੇ ਨੌਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਦੱਸਣਯੋਗ ਹੈ ਕਿ ਹੁਣ ਤੱਕ ਮ੍ਰਿਤਕ ਹਰਜਿੰਦਰ ਸਿੰਘ ਦਿੱਲੀ ਧਰਨੇ ‘ਚ ਲਗਭਗ 8 ਤੋਂ 10 ਵਾਰ ਜਾ ਕੇ ਆਪਣੀ ਹਾਜ਼ਰੀ ਲਗਵਾ ਚੁੱਕਾ ਸੀ। ਨੌਜਵਾਨ ਨਾਲ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੀਤੀ ਰਾਤ ਦਿੱਲੀ ਤੋਂ ਵਾਪਿਸ ਆਉਂਦੇ ਸਮੇਂ ਬੇਸਹਾਰਾ ਪਸ਼ੂ ਇਕ ਕਾਰ ਦੇ ਸਾਹਮਣੇ ਆ ਗਿਆ ਅਤੇ ਕਾਰ ਸਿੱਧੀ ਉਕਤ ਨੌਜਵਾਨਾਂ ਦੇ ਮੋਟਰਸਾਈਕਲ ‘ਚ ਆ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਹਰਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਜ਼ਖਮੀ ਹੋ ਗਿਆ।ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਜਿੱਥੇ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਪਰਿਵਾਰ ਨੇ ਮੋਦੀ ਸਰਕਾਰ ਖ਼ਿਲਾਫ਼ ਵੀ ਖੂਬ ਭੜਾਸ ਕੱਢੀ ਅਤੇ ਕਿਹਾ ਕਿ ਪਤਾ ਨਹੀਂ ਕੇਂਦਰ ਸਰਕਾਰ ਅਜੇ ਹੋਰ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰੇਗੀ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਟਕਰਾਅ ਲਗਾਤਾਰ ਜਾਰੀ ਹੈ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦਾ ਅੱਜ 27 ਦਿਨ ਜਾਰੀ ਹੈ। 26 ਨਵੰਬਰ ਤੋਂ ਵਿੱਢੇ ਇਸ ਸੰਘਰਸ਼ ‘ਚ ਹੁਣ ਤੱਕ 33 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਦੇਖੋ–