govt ration corona test: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾਵਾਇਰਸ ਨੇ ਜਿੱਥੇ ਇਕ ਪਾਸੇ ਤਾਂ ਲੋਕਾਂ ਦੇ ਰੁਜ਼ਗਾਰ ਖੋਹ ਲਏ ਹਨ, ਉੱਥੇ ਹੀ ਹੁਣ ਸਰਕਾਰ ਵੱਲੋਂ ਨਵਾਂ ਨਿਰਦੇਸ਼ ਲਾਗੂ ਕੀਤਾ ਜਾ ਰਿਹਾ ਹੈ। ਇਸ ਨਿਰਦੇਸ਼ ਮੁਤਾਬਕ ਮਹਾਨਗਰ ਦੇ ਇਕ ਇਲਾਕੇ ‘ਚ ਲੋਕਾਂ ਨੂੰ ਜਿੱਥੇ ਫਰੀ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਗਈਆਂ, ਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਰਾਸ਼ਨ ਦੀਆਂ ਪਰਚੀਆਂ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਿੱਤੀਆਂ ਜਾਣਗੀਆਂ, ਜੋ ਪਹਿਲਾਂ ਕੋਰੋਨਾ ਟੈਸਟ ਕਰਵਾਉਣਗੇ। ਜਦੋਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਦੇ ਸੀਨੀਅਰ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਅਜਿਹਾ ਕੋਈ ਨਿਰਦੇਸ਼ ਨਹੀਂ ਲਾਗੂ ਕੀਤਾ ਗਿਆ ਹੈ।
ਦਰਅਸਲ ਇਹ ਮਾਮਲਾ ਖੰਨਾ ਦੇ ਪਿੰਡ ਲਲਹੇੜੀ ਰੋਡ ਤੋਂ ਸਾਹਮਣੇ ਆਇਆ ਹੈ, ਜਿੱਥੇ ਡਿੱਪੂ ਮਾਲਕ ਅਤੇ ਨਗਰ ਕੌਂਸਲ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਰਾਸ਼ਨ ਦੀਆਂ ਪਰਚੀਆਂ ਵੰਡੀਆਂ ਜਾ ਰਹੀਆਂ ਸਨ ਪਰ ਇਸ ਦੇ ਸਾਹਮਣੇ ਆਦਰਸ਼ ਸਿਨੇਮਾ ’ਚ ਸਿਹਤ ਵਿਭਾਗ ਨੇ ਕੋਰੋਨਾ ਸੈਂਪਲਿੰਗ ਲਈ ਕੈਂਪ ਲਾਇਆ ਹੋਇਆ ਸੀ। ਲੋਕਾਂ ਦਾ ਕਹਿਣਾ ਹੈ ਕਿ ਪਰਚੀ ਲੈਣ ਵਾਲਿਆਂ ਨੂੰ ਪਹਿਲਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਅਤੇ ਬਿਨਾਂ ਟੈਸਟ ਦੇ ਪਰਚੀ ਦੇਣ ਤੋਂ ਇਨਕਾਰ ਕੀਤੀ ਗਈ, ਜਿਸ ’ਤੇ ਸਿਨੇਮਾ ’ਚ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਛਿੱਕੇ ਟੰਗ ਲੋਕ ਕੋਰੋਨਾ ਟੈਸਟ ਕਰਾਉਣ ਲਈ ਧੱਕਾ ਮੁੱਕੀ ਹੋਏ। ਇਸ ਦੇ ਨਾਲ ਹੀ ਰਾਸ਼ਨ ਲਈ ਲੋਕਾਂ ਨੂੰ ਟੈਸਟ ਕਰਵਾਉਣ ਦੇ ਨਿਰਦੇਸ਼ ’ਤੇ ਵੀ ਸਵਾਲ ਖੜ੍ਹੇ ਹੋਏ।
ਇਸ ਸਬੰਧੀ ਡਿੱਪੂ ਹੋਲਡਰ ਸੁਦਰਸ਼ਨ ਬੱਤਰਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਚੀ ਤੋਂ ਪਹਿਲਾ ਕੋਰੋਨਾ ਟੈਸਟ ਕਰਵਾਉਣ ਲਈ ਉਨ੍ਹਾਂ ਨੂੰ ਸਿਹਤ ਵਿਭਾਗ ਨੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਗੁਲਾਟੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਜਿਹੇ ਕੋਈ ਨਿਰਦੇਸ਼ ਜਾਰੀ ਨਹੀਂ ਹੋਏ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਕੋਰੋਨਾ ਜਾਂਚ ਕੈਂਪ ਲੱਗ ਰਹੇ ਹਨ। ਇਸ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਜਾਂਦਾ ਹੈ ਪਰ ਕੋਈ ਜ਼ਬਰਦਸਤੀ ਟੈਸਟ ਨਹੀਂ ਕੀਤੇ ਜਾਂਦੇ।