ludhiana industry Business facebook: ਲੁਧਿਆਣਾ (ਤਰਸੇਮ ਭਾਰਦਵਾਜ)-‘ਉਦਯੋਗਿਕ ਹੱਬ‘ ਦੇ ਨਾਂ ਨਾਲ ਜਾਣੇ ਜਾਂਦੇ ਸ਼ਹਿਰ ਲੁਧਿਆਣਾ ‘ਚ ਹੁਣ ਇੰਡਸਟਰੀ ਸੰਗਠਨ ਨਵੀਂ ਪਹਿਲਕਦਮੀ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ‘ਮੇਕ ਇਨ ਇੰਡੀਆ‘ ਦੀ ਤਰਜ਼ ‘ਤੇ ਹੁਣ ਉਦਯੋਗਾਂ ਵੱਲ਼ੋਂ ‘ਮੇਕ ਇਨ ਲੁਧਿਆਣਾ’ ਦੀ ਮੁਹਿੰਮ ਚਲਾਈ ਜਾਵੇਗੀ, ਜਿਸ ਦੀ ਸ਼ੁਰੂਆਤ ਉਦਯੋਗਿਕ ਸੰਗਠਨ ਸੀ.ਆਈ.ਸੀ.ਯੂ ਵੱਲੋਂ ਕੀਤੀ ਜਾਵੇਗੀ। ਇਸ ਲਈ ਬਕਾਇਦਾ ਮੇਕ ਇਨ ਲੁਧਿਆਣਾ ਫੇਸਬੁੱਕ, ਵੱਟਸਐਪ ਪੇਜ ਬਣਾਇਆ ਜਾਵੇਗਾ। ਇਸ ਰਾਹੀਂ ਆਉਣ ਵਾਲੇ ਸਮੇਂ ਦੌਰਾਨ ਮੋਬਾਇਲ ਐਪ ‘ਤੇ ਵੈੱਬਸਾਈਟ ਬਣਾ ਕੇ ਲੁਧਿਆਣਾ ਦੇ ਉਤਪਾਦਾਂ ਦੀ ਬ੍ਰਾਂਡਿੰਗ ਕੀਤੀ ਜਾਵੇਗੀ। ਇਸ ਮੁਹਿੰਮ ਰਾਹੀਂ ਪਹਿਲਾਂ ਸ਼ਹਿਰ ‘ਚ ਹੀ ਕਾਰੋਬਾਰ ਨੂੰ ਵਧਾਇਆ ਜਾਵੇਗਾ ਕਿਉਂਕਿ ਕਈ ਉਤਪਾਦ ਜੋ ਦੂਜੇ ਸੂਬਿਆਂ ਅਤੇ ਦੇਸ਼ਾਂ ਤੋਂ ਮੰਗਵਾਏ ਜਾਂਦੇ ਹਨ ਤੇ ਲੁਧਿਆਣਾ ‘ਚ ਮੌਜੂਦ ਹਨ, ਉਨ੍ਹਾਂ ਦੀ ਬ੍ਰਾਂਡਿੰਗ ਕੀਤੀ ਜਾਵੇਗੀ। ਇਸ ਨਾਲ ਇੰਟਰਸਿਟੀ ਵਪਾਰ ‘ਚ ਵਾਧਾ ਹੋ ਸਕੇਗਾ। ਇਸ ਨਾਲ ‘ਮੇਕ ਇਨ ਲੁਧਿਆਣਾ’ ਨੂੰ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ‘ਚ ਵੀ ਸ਼ੁਰੂ ਕੀਤਾ ਜਾਵੇ, ਤਾਂ ਜੋ ਗਲੋਬਲ ਮਾਰਕੀਟ ‘ਚ ਲੁਧਿਆਣਾ ‘ਚ ਬਣਨ ਵਾਲੇ ਉਤਪਾਦਾਂ ਦੀ ਬ੍ਰਾਂਡਿੰਗ ਕੀਤੀ ਜਾ ਸਕੇ।
ਚੈਂਬਰ ਆਫ ਇੰਡਸਟਰੀਅਲ ਤੇ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਮੇਕ ਇਨ ਲੁਧਿਆਣਾ ‘ਤੇ ਫੋਕਸ ਕਰੀਏ। ਲੁਧਿਆਣਾ ‘ਚ ਹਰ ਤਰ੍ਹਾਂ ਦੇ ਉਤਪਾਦ ਮੌਜੂਦ ਹਨ। ਪਹਿਲੇ ਫੇਜ਼ ‘ਚ ਅਸੀਂ ਫੇਸਬੁੱਕ ਪੇਜ਼ ਤੇ ਵ੍ਹਟਸਐਪ ਦੇ ਰਾਹੀਂ ਇੰਡਸਟਰੀ ਨੂੰ ਜੋੜਿਆ ਜਾ ਰਿਹਾ ਹੈ। ਇਸ ‘ਚ ਹਰ ਕੋਈ ਆਪਣੇ ਉਤਪਾਦਾਂ ਦੀ ਜਾਣਕਾਰੀ ਸ਼ੇਅਰ ਕਰ ਸਕਦਾ ਹੈ ਤੇ ਜੇ ਕਿਸੇ ਉਤਪਾਦ ਦੀ ਲੋੜ ਹੈ, ਤਾਂ ਗੁਰੱਪਾਂ ‘ਚ ਸੰਦੇਸ਼ ਪਾ ਕੇ ਇਸ ਨਾਲ ਸਬੰਧਿਤ ਉਦਮੀਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਉਦਯੋਗਿਕ ਨਗਰੀ ਲੁਧਿਆਣਾ ਦੀ ਗੱਲ਼ ਕਰੀਏ ਤਾਂ ਇਸ ਨੂੰ ਮੁੱਖ ਰੂਪ ਨਾਲ ਹੌਜਰੀ ਅਤੇ ਸਾਈਕਲ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ। ਦੇਸ਼ ਦੀ ਸਾਈਕਲ ਦੀ ਕੁੱਲ਼ ਪ੍ਰੋਡਕਸ਼ਨ ਦਾ 70 ਫੀਸਦੀ ਨਿਰਮਾਣ ਲੁਧਿਆਣਾ ‘ਚ ਹੁੰਦਾ ਹੈ ਜਦਕਿ ਗੱਲ ਸਾਈਕਲ ਪਾਰਟਸ ਦੀ ਕਰੀਏ ਤਾਂ ਇਸ ‘ਚ 90 ਫੀਸਦੀ ਪੁਰਜ਼ੇ ਲੁਧਿਆਣਾ ‘ਚ ਬਣਾਏ ਜਾਂਦੇ ਹਨ। ਇਸ ਦੇ ਨਾਲ ਹੌਜਰੀ ‘ਚ ਵੀ ਲੁਧਿਆਣਾ ਦੇ ਉਤਪਾਦ ਦੇਸ਼-ਵਿਦੇਸ਼ਾਂ ‘ਚ ਅਹਿਮ ਹਨ। ਇਸ ਦੇ ਨਾਲ ਹੀ ਲੁਧਿਆਣਾ ‘ਚ ਮਸ਼ੀਨ ਟੂਲ, ਸਿਲਾਈ ਮਸ਼ੀਨ ਹੈਂਡਟੂਲ, ਇੰਜੀਨੀਅਰਿੰਗ ਗੁਡਸ, ਟਰੈਕਟਰ ਪਾਰਟਸ, ਖੇਤੀਬਾੜੀ ਪਾਰਟਸ, ਆਇਲ ਐਕਸਪਲੇਰ, ਟੈਕਸਟਾਇਲ, ਪਲਾਸਟਿਕ ਉਤਪਾਦ, ਪ੍ਰਿਟਿੰਗ ਅਤੇ ਪੈਕੇਜਿੰਗ, ਸ਼ਾਲ ਆਟੋ ਪਾਰਟਸ, ਸਰੀਆ, ਇਲੈਕਟ੍ਰੋਨਿਕਸ ਪਾਰਟਸ ਸਮੇਤ ਕਈ ਅਹਿਮ ਉਤਪਾਦਾਂ ਦੀ ਪ੍ਰੋਡਕਸ਼ਨ ਲੁਧਿਆਣਾ ‘ਚ ਕੀਤੀ ਜਾ ਰਹੀ ਹੈ। ਅਜਿਹੇ ‘ਚ ਭਾਰਤ ਦੇ ਨਾਲ ਨਾਲ ਇੰਟਰਨੈਸ਼ਨਲ ਮਾਰਕੀਟ ‘ਚ ਲੁਧਿਆਣਾ ਦੇ ਉਤਪਾਦਾਂ ਦੀ ਬ੍ਰਾਂਡਿੰਗ ਕਰ ਵਪਾਰ ਨੂੰ ਤੇਜ਼ ਕੀਤਾ ਜਾ ਸਕਦਾ ਹੈ।