ludhiana person corona test: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਲਗਾਤਾਰ ਹਸਪਤਾਲਾਂ ਅਤੇ ਲੈਬਾਂ ‘ਚ ਟੈਸਟਿੰਗ ਦੌਰਾਨ ਹੋ ਰਹੀਆਂ ਲਾਪਰਵਾਹੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜਿਹਾ ਹੀ ਨਵਾਂ ਮਾਮਲਾ ਮਹਾਨਗਰ ਦੇ ਚੰਦਰ ਨਗਰ ਦੇ ਨੇੜੇ ਪੈਂਦੇ ਪ੍ਰੀਤਮ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੋ ਦੇ ਇਕ ਵਿਅਕਤੀ ਨੇ ਆਪਣੇ ਦੋ ਕੋਰੋਨਾ ਟੈਸਟ ਕਰਵਾਏ, ਜਿਨ੍ਹਾਂ ‘ਚ ਇਕ ਪਾਜ਼ੀਟਿਵ ਆਇਆ ਅਤੇ ਇਕ ਨੈਗੇਟਿਵ ਪਾਇਆ ਗਿਆ, ਜਿਸ ਤੋਂ ਬਾਅਦ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।
ਜਾਣਕਾਰੀ ਮੁਤਾਬਕ ਕੋਰੋਨਾ ਟੈਸਟ ਕਰਵਾਉਣ ਵਾਲੇ ਸ਼ਖਸ ਦਾ ਨਾਂ ਵਿਜੇ ਕੁਮਾਰ ਗੁਪਤਾ ਹੈ, ਜੋ ਹੈਬੋਵਾਲ ਮੰਡਲ ਦੇ ਭਾਜਪਾ ਦੇ ਸਕੱਤਰ ਹਨ। ਉਨ੍ਹਾਂ ਨੇ ਬੀਤੇ ਦਿਨ੍ਹਾਂ ਤੋਂ ਬੁਖਾਰ ਹੋਣ ਕਾਰਨ ਆਪਣੇ 2 ਕੋਰੋਨਾ ਟੈਸਟ ਕਰਵਾਏ, ਜਿਸ ‘ਚ ਇਕ ਟੈਸਟ ਮੈਰੀਟੋਰੀਅਸ ਸਕੂਲ ਸਥਿਤ ਕੋਵਿਡ ਕੇਂਦਰ ਅਤੇ ਦੂਜਾ ਫਿਰ ਉਸੇ ਹੀ ਦਿਨ ਦਯਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ‘ਚੋਂ ਕਰਵਾਇਆ ਪਰ ਸਨਸਨੀ ਉਦੋਂ ਫੈਲ ਗਈ, ਜਦੋਂ ਦੋਵਾਂ ਟੈਸਟਾਂ ਦੀ ਰਿਪੋਰਟ ਸਾਹਮਣੇ ਆਈ। ਟੈਸਟਿੰਗ ਰਿਪੋਰਟ ਦੌਰਾਨ ਮੈਰੀਟੋਰੀਅਸ ਸਕੂਲ ਵਾਲੀ ਰਿਪੋਰਟ ਨੈਗੇਟਿਵ ਪਾਈ ਗਈ ਜਦਕਿ ਦਯਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਾਲੀ ਰਿਪੋਰਟ ਪਾਜ਼ੀਟਿਵ ਮਿਲੀ ਸੀ। ਹੁਣ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਆਖਰਕਾਰ ਦੋ ਲੈਬਾਂ ‘ਚੋਂ ਇਕੋ ਵਿਅਕਤੀ ਦੀਆਂ ਰਿਪੋਰਟਾਂ ਵੱਖ-ਵੱਖ ਕਿਵੇ ਹੋ ਸਕਦੀਆਂ ਹਨ ਫਿਲਹਾਲ ਸਾਵਧਾਨੀ ਵਜੋਂ ਪੀੜਤ ਸਖਸ਼ ਨੇ ਆਪਣੇ ਆਪ ਨੂੰ ਘਰ ‘ਚ ਕੁਆਰੰਟਾਈਨ ਕਰ ਲਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾ ਲੁਧਿਆਣਾ ਹੈ, ਜਿੱਥੇ ਹੁਣ ਤੱਕ ਮਹਾਮਾਰੀ ਦਾ ਪੀਕ ਦੌਰ ਚੱਲ ਰਿਹਾ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 13297 ਤੱਕ ਪਹੁੰਚ ਗਿਆ ਹੈ ਅਤੇ 509 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਜੁਲਾਈ ਮਹੀਨੇ ਤੋਂ ਬਾਅਦ ਪਿਛਲੇ 38 ਦਿਨਾਂ ਦੌਰਾਨ 8990 ਲੋਕ ਪਾਜ਼ੀਟਿਵ ਆ ਚੁੱਕੇ ਹਨ ਅਤੇ 420 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।