ludhiana weather forecast cloudy day: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰਵਾਸੀ ਪਿਛਲੇ ਕਈ ਦਿਨਾਂ ਤੋਂ ਪਰਾਲੀ ਦੇ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਅਜਿਹੇ ‘ਚ ਪ੍ਰਦੂਸ਼ਣ ਦੇ ਨਾਲ ਨਾਲ ਠੰਡ ਦੀ ਮਾਰ ਵੀ ਝੱਲਣੀ ਹੋਵੇਗੀ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਸਥਿਤ ਇੰਡੀਆ ਮੈਟਰੋਲੋਜੀਕਲ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਦੇ ਮੁਤਾਬਕ 9 ਨਵੰਬਰ ਨੂੰ ਲੁਧਿਆਣਾ ਜ਼ਿਲੇ ਭਰ ‘ਚ ਬੱਦਲ ਛਾਏ ਰਹਿ ਸਕਦੇ ਹਨ। ਬੱਦਲਾਂ ਦੇ ਛਾ ਜਾਣ ਕਾਰਨ ਰਾਤ ਅਤੇ ਦਿਨ ਦਾ ਤਾਪਮਾਨ ਡਿੱਗਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਬਾਅਦ 13 ਨਵੰਬਰ ਨੂੰ ਫਿਰ ਤੋਂ ਬੱਦਲ ਛਾਅ ਸਕਦੇ ਹਨ ਹਾਲਾਂਕਿ ਵਿਭਾਗ ਨੇ ਅੰਦਾਜ਼ਾ ਲਾਇਆ ਹੈ ਕਿ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।
ਦੱਸ ਦੇਈਏ ਕਿ ਜ਼ਿਲ੍ਹੇ ‘ਚ ਲਗਾਤਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਪਿਛਲੇ ਕਈ ਦਿਨ੍ਹਾਂ ਤੋਂ ਪਰਾਲੀ ਦਾ ਧੂੰਆਂ ਸਵੇਰੇ ਅਤੇ ਸ਼ਾਮ ‘ਚ ਆਸਮਾਨ ‘ਚ ਦਿਖਾਈ ਦਿੰਦਾ ਹੈ। ਧੂੰਏ ਦੇ ਕਾਰਨ ਬਹੁਤ ਸਾਰੇ ਲੋਕ ਘੁੱਟਣ ਵਰਗੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਖਾਸ ਤੌਰ ‘ਤੇ ਸਾਹ ਰੋਗ ਨਾਲ ਪੀੜਤ ਮਰੀਜ਼ਾਂ ਲਈ ਇਹ ਪਰੇਸ਼ਾਨੀ ਵੱਧ ਸਕਦੀ ਹੈ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਬਾਰਿਸ਼ ਹੋ ਜਾਵੇ ਤਾਂ ਆਸਮਾਨ ‘ਚ ਤੈਰ ਰਿਹਾ ਪਰਾਲੀ ਦਾ ਧੂੰਆਂ ਹੇਠਾ ਆ ਜਾਵੇਗਾ, ਜਿਸ ਨਾਲ ਕਈ ਬੀਮਾਰੀਆਂ ਤੋਂ ਰਾਹਤ ਮਿਲੇਗੀ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਪਹਿਲਾਂ ਹੀ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਦੇ ਪ੍ਰਭਾਵ ਦਿਖਾਈ ਦੇਣ ਲੱਗ ਪਏ ਹਨ, ਜਿਸ ਕਾਰਨ ਹਰ ਰੋਜ਼ ਵੱਡੀ ਗਿਣਤੀ ‘ਚ ਮਰੀਜ਼ ਸਾਹਮਣੇ ਆ ਰਹੇ ਹਨ। ਇਸੇ ਕਾਰਨ ਲੋਕਾਂ ਅਤੇ ਸਿਹਤ ਵਿਭਾਗ ‘ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਦੂਜੇ ਪਾਸੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੌਰਾਨ ਹਵਾ ਪ੍ਰਦੂਸ਼ਣ ਸਿਹਤ ਦੇ ਲ਼ਈ ਬੇਹੱਦ ਖਰਤਨਾਕ ਸਾਬਿਤ ਹੋ ਰਹੀ ਹੈ। ਪ੍ਰਦੂਸ਼ਣ ਵੱਧਣ ਦੇ ਨਾਲ ਹੀ ਹਸਪਤਾਲਾਂ ‘ਚ ਕੋਰੋਨਾ ਦੇ ਆਕਸੀਜਨ ਸਪੋਰਟ ਵਾਲੇ ਮਰੀਜ਼ਾਂ (ਲੈਵਲ-2) ਦੀ ਗਿਣਤੀ ‘ਚ ਵੀ ਵਾਧਾ ਹੋ ਰਿਹਾ ਹੈ। ਏਅਰ ਕੁਆਲਿਟੀ ਇੰਡੈਕਸ ਵੀ ਖਰਾਬ ਸਥਿਤੀ ‘ਚ ਚੱਲ ਰਿਹਾ ਹੈ।