ludhiana woman fight died: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਬੇਖੌਫ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਆਏ ਦਿਨ ਕੋਈ ਨਾ ਕੋਈ ਨਵੀਂ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਤਾਜ਼ਾ ਮਾਮਲਾ ਮਹਾਨਗਰ ਦੇ ਗੁਰੂ ਨਾਨਕ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸਖਸ਼ ‘ਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਪਰ ਇਸ ਦੌਰਾਨ ਬਚਾਅ ਕਰਨ ਪਹੁੰਚੀ ਮਹਿਲਾ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ‘ਚ ਜੁੱਟ ਗਈ ਹੈ।
ਜਾਣੋ ਪੂਰਾ ਮਾਮਲਾ-ਸ਼ਹਿਰ ਦੇ ਗੁਰੂ ਨਾਨਕ ਨਗਰ ਨਿਵਾਸੀ ਟਰਾਂਸਪੋਰਟ ਦਾ ਕੰਮ ਕਰਦਿਆਂ ਸੀ.ਐੱਸ ਤਲਵਾਰ ਦੇ ਬੇਟੇ ਦਾ ਕੁਝ ਸਮੇਂ ਪਹਿਲਾਂ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਅਤੇ ਉਸ ਦਾ ਪੰਚਾਇਤੀ ਤੌਰ ‘ਤੇ ਰਾਜੀਨਾਮਾ ਵੀ ਹੋ ਗਿਆ ਸੀ। ਬੀਤੇ ਦਿਨ ਭਾਵ ਸ਼ਨੀਵਾਰ ਦੀ ਦੇਰ ਰਾਤ ਦੋ ਗੱਡੀਆਂ ‘ਚ ਸਵਾਰ ਹੋ ਕੇ ਕੁਝ ਅਣਪਛਾਤੇ ਬਦਮਾਸ਼ ਆਏ ਅਤੇ ਸੀ.ਐੱਸ ਤਲਵਾਰ ਨੂੰ ਬਾਹਰ ਬੁਲਾ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ‘ਚ ਸਾਬਕਾ ਫ਼ੌਜੀ ਤੇ ਉਸ ਦੇ ਦੋਵੇਂ ਪੁੱਤਰ ਜ਼ਖਮੀ ਕਰ ਦਿੱਤੇ। ਮੁਹੱਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਬਦਮਾਸ਼ ਗੱਡੀਆਂ ‘ਚ ਸਵਾਰ ਹੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਸੀ.ਐੱਸ ਤਲਵਾਰ ਦੇ ਘਰ ਰਹਿਣ ਵਾਲੇ ਕਿਰਾਏਦਾਰ ਵੀ ਉੱਥੇ ਆ ਗਏ ਤੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਰਾਏਦਾਰ ਮਹਿਲਾ ਨਿਸ਼ਾ ਗੱਡੀ ਦੇ ਸਾਹਮਣੇ ਆ ਗਈ ਤੇ ਡਰਾਈਵਰ ਨੇ ਗੱਡੀ ਉਸ ‘ਤੇ ਚੜ੍ਹਾ ਦਿੱਤੀ। ਅੱਗੇ ਗਲੀ ਬੰਦ ਹੋਣ ਕਾਰਨ ਹਮਲਾਵਰ ਗੱਡੀ ਉੱਥੇ ਛੱਡ ਦੀਵਾਰ ਟੱਪ ਕੇ ਫਰਾਰ ਹੋ ਗਏ। ਜ਼ਖਮੀ ਮਹਿਲਾ ਨਿਸ਼ਾ ਅਤੇ ਸਾਬਕਾ ਫੌਜੀ ਨੂੰ ਜ਼ਖਮੀ ਮੁੰਡਿਆ ਨਾਲ ਐੱਸ.ਪੀ.ਐੱਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਮਹਿਲਾਂ ਦੀ ਮੌਤ ਹੋ ਗਈ ਜਦਕਿ ਬਾਪ ਸਮੇਤ 2 ਪੁੱਤਰ ਹਾਲੇ ਵੀ ਇਲਾਜ ਅਧੀਨ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ 38 ਸਾਲਾ ਮ੍ਰਿਤਕ ਨਿਸ਼ਾ ਦੇ 2 ਬੱਚੇ ਹਨ ਤੇ ਉਸ ਦਾ ਪਤੀ ਹੌਜਰੀ ਦਾ ਕਾਰੋਬਾਰ ਕਰਦਾ ਹੈ। ਸੂਚਨਾ ਮਿਲਣ ‘ਤੇ ਥਾਣਾ ਡਵੀਜ਼ਨ ਨੰਬਰ 7 ਤੋਂ ਏ.ਐੱਸ.ਆਈ ਸੁਖਦੇਵ ਸਿੰਘ ਮੌਕੇ ‘ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।