People must be involved: ਮਾਨਸਾ: ਨੋਵਲ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਜਿੱਥੇ ਪੂਰਾ ਵਿਸ਼ਵ ਜੂਝ ਰਿਹਾ ਹੈ, ਉਥੇ ਹੀ ਪੰਜਾਬ ਵਾਸੀਆਂ ਦੀ ਜਾਨ ਅਤੇ ਸਿਹਤ ਦੀ ਸੁਰੱਖਿਆ ਲਈ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੀ ਲੜੀ ਤਹਿਤ ਮਾਨਸਾ ਜ਼ਿਲ੍ਹੇ ਅੰਦਰ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਤਹਿਤ 38 ਹੋਰਡਿੰਗਜ਼ ਲਗਾਏ ਹਨ, ਜੋ ਲੋਕਾਂ ਕੋਰੋਨਾ ਵਾਇਰਸ ਤੋ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦਾ ਸੁਨੇਹਾ ਦੇ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਾਵਧਾਨੀਆਂ ਅਤੇ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ‘ਤੇ ਅਮਲ ਕਰਕੇ ਇਸ ਕੋਵਿਡ-19 ਦੀ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਮਾਂ ਰਹਿੰਦਿਆਂ ਹੀ ਪੰਜਾਬ ਸਰਕਾਰ ਵੱਲੋਂ ਜ਼ਰੂਰੀ ਫੈਸਲੇ ਲਏ ਗਏ, ਜਿਨ੍ਹਾਂ ਦੀ ਬਦੌਲਤ ਪੰਜਾਬ ਵਿੱਚ ਇਸ ਮਹਾਂਮਾਰੀ ਨੂੰ ਆਪਣੀ ਚੇਨ ਬਣਾਉਣ ਦਾ ਮੌਕਾ ਨਹੀਂ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰ ਹਾਲੇ ਵੀ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਦੀ ਲੋੜ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ 38 ਜਾਗਰੂਕਤਾ ਹੋਰਡਿੰਗਜ਼ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 8 ਹੋਰਡਿੰਗ ਨਗਰ ਕੌਂਸਲ ਮਾਨਸਾ ਵਿਖੇ ਅਤੇ ਬਾਕੀ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਖੇ 5-5 ਹੋਰਡਿੰਗਜ਼ ਜਨਤਕ ਥਾਵਾਂ ‘ਤੇ ਲਗਾਏ ਗਏ ਹਨ, ਤਾਂ ਜੋ ਇਨ੍ਹਾਂ ਨੂੰ ਪੜ੍ਹ ਕੇ ਲੋਕ ਇਨ੍ਹਾਂ ਸਾਵਧਾਨੀਆਂ ਦੀ ਵਰਤੋਂ ਕਰਨ।ਸ਼੍ਰੀ ਚਹਿਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਲਗਾਏ ਗਏ ਇਨ੍ਹਾਂ ਹੋਰਡਿੰਗਜ਼ ‘ਤੇ ‘ਜੇ ਕਰਨਾ ਹੈ ਕੋਰੋਨਾ ਦਾ ਨਾਸ, 20 ਸਕਿੰਟ ਤੱਕ ਕਰੋ ਹੈਂਡ ਵਾਸ਼’, ‘ਮਾਸਕ ਪਾਉਣਾ ਨਾ ਭੁੱਲਿਓ’, ‘ਜਦ ਵੀ ਘਰੋਂ ਬਾਹਰ ਜਾਓ, ਮਾਸਕ ਲਗਾਓ’, ‘ਲਾਕਡਾਊਨ ਦੇ ਬਾਵਜੂਦ ਫਸਲ ਸਮੇਂ ਸਿਰ ਚੁੱਕੀ ਤੇ ਅਦਾਗਿੀ ਕੀਤੀ, ‘ਘਰ ਪਹੁੰਜਦੇ ਹੀ ਹੱਥ ਧੋਵੋ, ‘6 ਫੁੱਟ ਦੂਰੀ ਰੱਖੋ, ਕੋਰੋਨਾ ਤੋਂ ਬਚੇ ਰਹੇ, ’20 ਸਕਿੰਟਾਂ ਤੱਕ ਹੱਥ ਧੋਣਾ ਨਾ ਭੁੱਲਿਓ’ ਅਤੇ ‘ਸਾਵਧਾਨੀਆਂ ਨਾਲ ਕੋਰੋਨਾ ਨੂੰ ਹਰਾਂਵਾਂਗੇ, ਪੰਜਾਬ ਨੂੰ ਫਤਿਹ ਕਰਾਂਵਾਂਗੇ’ ਵਰਗੇ ਸਲੋਗਨ ਲਿਖੇ ਹੋਏ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨੋਵਲ ਕੋਰੋਨਾ ਵਾਇਰਸ ਤੋਂ ਬਚੇ ਰਹਿਣ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਵਿੱਚ ਲੋਕਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਇਸ ਲਈ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਸਾਵਧਾਨੀਆਂ ਨੂੰ ਵਰਤੋਂ ਵਿੱਚ ਲਿਆਇਆ ਜਾਵੇ।