PPCB raid dyeing tajpur road: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ) ਦੀ ਲੁਧਿਆਣਾ ਟੀਮ ਨੇ ਤਾਜਪੁਰ ਰੋਡ ਸਥਿਤ ਮਹਾਵੀਰ ਇਨਕਲੇਵ ‘ਚ ਡਾਇੰਗ ਇੰਡਸਟਰੀ ‘ਤੇ ਛਾਪਾ ਮਾਰਿਆ। ਇਸ ਦੌਰਾਨ ਬਿਨਾ ਟ੍ਰੀਟੇਡ ਪਾਣੀ ਨੂੰ ਸੀਵਰੇਜ ‘ਚ ਪਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ‘ਤੇ ਟੀਮ ਨੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਹਫਤੇ ਵਿਭਾਗ ਵੱਲੋਂ ਫੋਕਲ ਪੁਆਇੰਟ ਫੇਜ 8 ਦੀਆਂ 10 ਯੂਨਿਟਾਂ ‘ਤੇ ਛਾਪਾ ਮਾਰਿਆ ਸੀ ਅਤੇ 4 ਸੈਂਪਲ ਗਲਤ ਪਾਏ ਗਏ ਸੀ। ਇਸੇ ਤਰ੍ਹਾਂ 2 ਦਿਨ ਪਹਿਲਾਂ ਵੀ ਇਕ ਨਾਮੀ ਡਾਇੰਗ ‘ਚ ਅਣਨਿਯਮਿਤ ਮਿਲੀ।
ਪੰਜਾਬ ਡਾਇਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਾਬੀ ਜਿੰਦਲ ਦਾ ਕਹਿਣਾ ਹੈ ਕਿ ਡਾਇੰਗ ਉਦਯੋਗ ਪ੍ਰਦੂਸ਼ਣ ਦੇ ਮਾਪਦੰਡ ਪੂਰੇ ਕਰ ਰਿਹਾ ਹੈ। ਇੰਡਸਟਰੀ ਲਈ ਵੱਖਰੇ ਤੋਂ ਸੀ.ਈ.ਟੀ.ਪੀ ਵੀ ਬਣਾਇਆ ਜਾ ਰਿਹਾ ਹੈ। ਅਸਥਾਈ ਤੌਰ ‘ਤੇ ਡਾਇੰਗ ਦਾ ਗੰਦਾ ਪਾਣੀ ਐੱਸ.ਟੀ.ਪੀ ‘ਤੇ ਪਹੁੰਚਾਇਆ ਜਾ ਰਿਹਾ ਹੈ। ਹੁਣ ਪਾਣੀ ਬੁੱਢੇ ਦਰਿਆ ‘ਚ ਨਹੀਂ ਜਾ ਰਿਹਾ ਹੈ। ਇੰਡਸਟਰੀ ਪ੍ਰਦੂਸ਼ਣ ਦੇ ਸਾਰੇ ਮਾਪਦੰਡ ਪੂਰੇ ਕਰ ਰਹੀ ਹੈ। ਅਜਿਹੇ ‘ਚ ਉਦਯੋਗਾਂ ਨੂੰ ਰਾਹਤ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਤਾਜਪੁਰ ਰੋਡ ਦੀ ਡਾਇੰਗ ਯੂਨਿਟਾਂ ਸਰਕਾਰ ਦੀ ਸਕੀਮ ਤਹਿਤ 50 ਐੱਮ.ਐੱਲ.ਡੀ ਦੀ ਸਮਰਥਾ ਦੀ ਕਾਮਨ ਇਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀ) ਬਣਾ ਰਹੀ ਹੈ। ਇਸ ਪਲਾਂਟ ‘ਤੇ 65 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਹੁਣ ਤੱਕ ਲਗਭਗ 30 ਕਰੋੜ ਰੁਪਏ ਖਰਚ ਹੋ ਚੁੱਕੇ ਹਨ, ਜਿਨ੍ਹਾਂ ਯੂਨਿਟਾਂ ਨੂੰ ਬੰਦ ਕੀਤਾ ਗਿਆ ਹੈ, ਉਹ ਵੀ ਇਸ ਡਾਇੰਗ ਕਲਸਟਰ ‘ਚ ਸ਼ਾਮਿਲ ਹਨ। ਡਾਇੰਗ ਯੂਨਿਟਾਂ ਤੋਂ ਸੀ.ਈ.ਟੀ.ਪੀ ਤੱਕ ਗੰਦਾ ਪਾਣੀ ਪਹੁੰਚਾਉਣ ਲਈ 8 ਕਰੋੜ ਰੁਪਏ ਦੀ ਲਾਗਤ ਨਾਲ ਵੱਖਰੀ ਨਵੀਂ ਸੀਵਰੇਜ ਪਾਈਪ ਲਾਈਨ ਵੀ ਬਣਾਈ ਗਈ ਹੈ।