second wave corona challenge: ਲੁਧਿਆਣਾ (ਤਰਸੇਮ ਭਾਰਦਵਾਜ)-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪੁਲਿਸ ਲਾਇਨ ‘ਚ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਤੋਂ ਬਚਣ ਲਈ ਲੁਧਿਆਣਾਵਾਸੀਆਂ ਨੂੰ ਮਾਸਕ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਪਰ ਇਕ ਸਰਵੇਖਣ ਅਨੁਸਾਰ 60 ਫ਼ੀਸਦੀ ਤੋਂ ਵੱਧ ਜ਼ਿਲ੍ਹੇ ਦੇ ਵਸਨੀਕ ਮਾਸਕ ਪਾ ਰਹੇ ਹਨ। ਦੱਸ ਦੇਈਏ ਕਿ ਇਸ ਦੌਰਾਨ ਸੈਮੀਨਾਰ ‘ਚ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਤੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵੀ ਮੌਜੂਦ ਸੀ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਹਿਰਵਾਸੀਆਂ ਦੇ ਸਹਿਯੋਗ ਸਦਕਾ ਪਹਿਲੀ ਲਹਿਰ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਹੁਣ ਦੂਸਰੀ ਲਹਿਰ ਨੂੰ ਰੋਕਣਾ ਸਾਡੇ ਸਾਰਿਆਂ ਲਈ ਇਕ ਵੱਡੀ ਚੁਣੌਤੀ ਹੈ। ਇਸ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸ਼ਹਿਰ ਦੀਆਂ ਧਾਰਮਿਕ ਅਤੇ ਸਨਅਤੀ ਜਥੇਬੰਦੀਆਂ, ਮਾਰਕੀਟ ਐਸੋਸੀਏਸ਼ਨਾਂ, ਰੇਲਵੇ, ਬੱਸ ਸਟੈਂਡ ਆਦਿ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਮਾਸਕ ਪਾਉਣ ਲਈ ਉਤਸ਼ਾਹਿਤ ਕਰਨ।
ਡੀ.ਐੱਮ.ਸੀ. ਦੇ ਸੀਨੀਅਰ ਕਾਰਡੀਓਲੌਜਿਸਟ ਡਾ. ਬਿਸ਼ਵ ਮੋਹਨ ਨੇ ‘ਲੁਧਿਆਣਾ ਸ਼ਹਿਰ ‘ਚ ਪ੍ਰਭਾਵਸ਼ਾਲੀ ਮਾਸਕ ਵਰਤੋਂ ਬਾਰੇ ਜਨਤਕ ਵਤੀਰੇ’ ਵਿਸ਼ੇ ‘ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਜ਼ਿਲ੍ਹਾਂ ਲੁਧਿਆਣਾ ਦੇ 90 ਫ਼ੀਸਦੀ ਲੋਕ ਸਹੀ ਤਰੀਕੇ ਨਾਲ ਮਾਸਕ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ, ਤਾਂ ਕੋਰੋਨਾ ਦੀ ਦੂਸਰੀ ਲਹਿਰ ਨੂੰ ਕਾਬੂ ਕਰਨ ਦੀ ਸੰਭਾਵਨਾ 80 ਫ਼ੀਸਦੀ ਤੱਕ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਦੂਸਰੀ ਲਹਿਰ ਦਸੰਬਰ ਦੇ ਅੱਧ ‘ਚ ਆਉਣ ਦੀ ਉਮੀਦ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ,ਡਾ. ਬਿਸ਼ਵ ਮੋਹਨ, ਡਾ. ਰਾਜ਼ੇਸ਼ ਬੱਗਾ, ਡੀ.ਐੱਮ.ਸੀ. ਦੀ ਪ੍ਰਬੰਧਕ ਕਮੇਟੀ ਦੇ ਸੈਕਟਰੀ ਪ੍ਰੇਮ ਗੁਪਤਾ ਨੇ ਸਮੂਹਿਕ ਰੂਪ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਤੇ ਸੇਵਾ ਸੰਕਲਪ ਸੁਸਾਇਟੀ ਦੇ ਮੀਤ ਪ੍ਰਧਾਨ ਹਰਪ੍ਰੀਤ ਸੰਧੂ ਵਲੋਂ ਮਾਸਕ ਪਾਉਣ ਦੀ ਵਰਤੋਂ ਨੂੰ ਦਰਸਾਉਂਦਾ ਇਕ ਪੋਸਟਰ ਅਤੇ ਛੋਟੀ ਦਸਤਾਵੇਜ਼ੀ ਫ਼ਿਲਮ ਲੋਕ ਅਰਪਣ ਕੀਤੀ ਗਈ।