Sikh Muslim families Kidney transplant: ਲੁਧਿਆਣਾ (ਤਰਸੇਮ ਭਾਰਦਵਾਜ)-ਅੱਜ ਦੇ ਸਮੇਂ ‘ਚ ਭਾਵੇ ਖੂਨ ਦੇ ਰਿਸ਼ਤਿਆਂ ‘ਚ ਦਰਾਰਾਂ ਪੈ ਰਹੀਆਂ ਹਨ ਅਤੇ ਧਰਮ ਦੇ ਨਾਂ ‘ਤੇ ਲੋਕ ਵਿਤਕਰਾ ਕਰ ਰਹੇ ਹਨ ਪਰ ਉੱਥੇ ਹੀ ਲੁਧਿਆਣਾ ‘ਚ 2 ਪਰਿਵਾਰਾਂ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨੇ ਲੋਕਾਂ ਲਈ ਇਕ ਮਿਸਾਲ ਕਾਇਮ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਸਿੱਖ ਅਤੇ ਮੁਸਲਿਮ ਪਰਿਵਾਰਾਂ ਨੇ ਆਪਸ ‘ਚ ਕਿਡਨੀ ਟਰਾਂਸਪਲਾਂਟ ਕਰਕੇ ਜਿੱਥੇ ਇਕ ਪਾਸੇ 2 ਜ਼ਿੰਦਗੀਆਂ ਬਚਾਈਆਂ ਹਨ ਉੱਥੇ ਹੀ ਵੱਡਾ ਪੁੰਨ ਦਾ ਕੰਮ ਕੀਤਾ ਹੈ। ਦਰਅਸਲ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਸਿੱਖ ਅਤੇ ਮੁਸਲਮਾਨ ਧਰਮਾਂ ਦੇ ਵੱਖ-ਵੱਖ ਪਰਿਵਾਰਾਂ ਨੇ ਆਪਸ ‘ਚ ਕਿਡਨੀ ਟਰਾਂਸਪਲਾਂਟ ਕੀਤੀਆਂ ਹਨ।
ਦੱਸਣਯੋਗ ਹੈ ਕਿ ਦੋ ਪਰਿਵਾਰਾਂ ਦੀਆਂ ਇਨ੍ਹਾਂ ਔਰਤਾਂ ਦੂਸਰਿਆਂ ਲਈ ਪ੍ਰੇਰਨਾਸ੍ਰੋਤ ਬਣ ਗਈਆਂ ਹਨ। ਸਿੱਖ ਔਰਤ ਨੇ ਆਪਣੀ ਕਿਡਨੀ ਦੇ ਕੇ ਮੁਸਲਿਮ ਪੁਰਸ਼ ਦੀ ਜਾਨ ਬਚਾਈ ਤਾਂ ਮੁਸਲਿਮ ਔਰਤ ਨੇ ਆਪਣੀ ਕਿਡਨੀ ਦਾਨ ਕਰ ਕੇ ਸਿੱਖ ਪੁਰਸ਼ ਨੂੰ ਜੀਵਨਦਾਨ ਦਿੱਤਾ ਹੈ। ਦੱਸ ਦੇਈਏ ਕਿ ਦੋਹਾਂ ਪਰਿਵਾਰਾਂ ਦੇ ਡੋਨਰਾਂ ਦੇ ਬਲੱਡ ਗਰੁੱਪ ਨਹੀਂ ਮਿਲ ਰਹੇ ਸਨ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਆਪਸ ‘ਚ ਕਿਡਨੀ ਟਰਾਂਸਪਲਾਂਟ ਕੀਤੀ ਅਤੇ ਦੋਵੇਂ ਆਪਰੇਸ਼ਨ ਸਫ਼ਲ ਰਹੇ। ਇਸ ਦੇ ਨਾਲ ਹੀ ਆਪਰੇਸ਼ਨ ਕਰਨ ਵਾਲੇ ਡਾ. ਬਲਦੇਵ ਸਿੰਘ ਔਲਖ ਵੱਲ਼ੋਂ ਵੀ ਇਸ ਕੰਮ ਦੀ ਸ਼ਲਾਘਾ ਕੀਤੀ ਗਈ । ਇਸ ਮੌਕੇ ‘ਤੇ ਪਹੁੰਚੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਜਾਮਾ ਮਸਜਿਦ ਦੇ ਇਮਾਮ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।