ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਵਾਪਿਸ ਲੈਣ ਤੋਂ ਬਾਅਦ ਨਵਜੋਤ ਸਿੱਧੂ ਪਹਿਲੀ ਵਾਰ ਕਾਂਗਰਸ ਭਵਨ ਜਾਣਗੇ। ਐਤਵਾਰ ਨੂੰ ਇੱਥੇ ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦਾ ਪ੍ਰੋਗਰਾਮ ਹੈ। ਜਿਸ ਵਿੱਚ ਸੀਐੱਮ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਰਹਿਣਗੇ। ਸਿੱਧੂ ਨੇ ਪੰਜਾਬ ਸਰਕਾਰ ਵਿੱਚ ਐਡਵੋਕੇਟ ਜਨਰਲ ਅਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਕਦੇ ਕਾਂਗਰਸ ਭਵਨ ਨਹੀਂ ਗਏ। ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ, ਪਰ ਕਿਹਾ ਸੀ ਕਿ ਜਦੋਂ ਤੱਕ ਏਜੀ ਅਤੇ ਡੀਜੀਪੀ ਨੂੰ ਨਹੀਂ ਹਟਾਇਆ ਜਾਂਦਾ ਉਹ ਉਦੋਂ ਤੱਕ ਕਾਂਗਰਸ ਭਵਨ ਨਹੀਂ ਜਾਣਗੇ।
ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਦੀ ਵਿਚੋਲਗੀ ਤੋਂ ਬਾਅਦ ਏਜੀ ਏਪੀਐੱਸ ਦਿਓਲ ਨੂੰ ਹਟਾ ਦਿੱਤਾ ਗਿਆ। ਹਾਲਾਂਕਿ ਡੀਜੀਪੀ ਇਕਬਾਲਪ੍ਰੀਤ ਸਹੋਤਾ ਅਜੇ ਵੀ ਤਾਇਨਾਤ ਹਨ। ਸਿੱਧੂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਦੋਂ ਯੂ.ਪੀ.ਐੱਸ.ਸੀ. ਤੋਂ ਪੈਨਲ ਆਵੇਗਾ ਤਾਂ ਡੀਜੀਪੀ ਨੂੰ ਵੀ ਹਟਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਿੱਧੂ ਸੀਐੱਮ ਚੰਨੀ ਅਤੇ ਸਰਕਾਰ ਨਾਲ ਚੱਲ ਰਹੇ ਹਨ। ਹਾਲਾਂਕਿ ਡੀਜੀਪੀ ਦੇ ਨਾ ਹੱਟਣ ਦੇ ਬਾਵਜੂਦ ਵੀ ਸਿੱਧੂ ਆਉਣਗੇ ਜਾਂ ਨਹੀਂ, ਇਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਨਵਜੋਤ ਸਿੱਧੂ ਨੇ ਜੁਲਾਈ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਉਦੋਂ ਸਿੱਧੂ ਨੇ ਕਿਹਾ ਸੀ ਕਿ ਉਹ 15 ਅਗਸਤ ਤੋਂ ਬਾਅਦ ਕਾਂਗਰਸ ਭਵਨ ਵਿੱਚ ਬਿਸਤਰਾ ਲਾਉਣਗੇ। ਸਿੱਧੂ ਨੇ ਅਜਿਹਾ ਵੀ ਕੀਤਾ ਪਰ ਅਚਾਨਕ ਉਨ੍ਹਾਂ ਦੀ ਨਵੀਂ ਸਰਕਾਰ ਨਾਲ ਰੰਜਿਸ਼ ਪੈਦਾ ਹੋ ਗਈ। ਜਿਸ ਤੋਂ ਬਾਅਦ ਉਹ ਕਾਂਗਰਸ ਭਵਨ ਨਹੀਂ ਆ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: