Navjot singh sidhu resign: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਕਾਂਗਰਸ ਹਾਈ ਕਮਾਂਡ ਨਾਲ ਮੁਲਾਕਾਤ ਕਰਨਗੇ। ਸਿੱਧੂ ਦੇ ਅਸਤੀਫ਼ੇ ਦੇਣ ਦੇ ਐਲਾਨ ਮਗਰੋਂ ਪੰਜਾਬ ਕਾਂਗਰਸ ਦਾ ਕੰਮ ਦੋ ਹਫ਼ਤਿਆਂ ਤੋਂ ਪੂਰੀ ਤਰ੍ਹਾਂ ਠੱਪ ਪਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ‘ਚ ਆਈ ਖੜੋਤ ਹਾਈ ਕਮਾਂਡ ਨੂੰ ਵਾਰਾ ਨਹੀਂ ਖਾ ਰਹੀ। ਇਸ ਲਈ ਉਹ ਨਵਜੋਤ ਸਿੱਧੂ ਤੋਂ ਕਾਫੀ ਖਫਾ ਜਾਪਦੀ ਹੈ। ਨਵਜੋਤ ਸਿੱਧੂ ਦਾ ਅਸਤੀਫ਼ਾ ਹਾਈਕਮਾਂਡ ਨੇ ਪ੍ਰਵਾਨ ਕਰ ਲਿਆ ਹੈ ਯਾ ਨਹੀਂ ਇਸ ਬਾਰੇ ਵੀ ਭੇਤ ਬਰਕਰਾਰ ਹੈ। ਉੱਧਰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਅੱਜ ਕੀਤੇ ਟਵੀਟ ਨੇ ਅਸਿੱਧੇ ਤੌਰ ‘ਤੇ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣੇ ਰਹਿਣ ਦੀ ਪੁਸ਼ਟੀ ਕਰ ਦਿੱਤੀ ਹੈ।
ਹਰੀਸ਼ ਰਾਵਤ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਨਵਜੋਤ ਸਿੰਘ ਸਿੱਧੂ 14 ਅਕਤੂਬਰ ਨੂੰ ਉਨ੍ਹਾਂ ਨਾਲ ਅਤੇ ਕੇ ਸੀ ਵੇਣੂਗੋਪਾਲ ਨਾਲ ਮੀਟਿੰਗ ਕਰਨ ਲਈ ਦਿੱਲੀ ਆ ਰਹੇ ਹਨ। ਮੀਟਿੰਗ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਹਰੀਸ਼ ਰਾਵਤ ਦਾ ਟਵੀਟ ਇਸ਼ਾਰਾ ਕਰਦਾ ਹੈ ਕਿ ਹਾਈਕਮਾਂਡ ਹੁਣ ਆਪਣਾ ਹੱਥ ਉੱਪਰ ਰੱਖ ਰਹੀ ਹੈ। ਸੂਤਰ ਦੱਸਦੇ ਹਨ ਕਿ ਹਾਈਕਮਾਂਡ ਨਵਜੋਤ ਸਿੱਧੂ ਦੀ ਕਾਰਜਸ਼ੈਲੀ ਨੂੰ ਲੈ ਕੇ ਖਫਾ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮਗਰੋਂ ਹੁਣ ਉਹ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਵੀ ਹੱਲੇ ਬੋਲਣ ਲੱਗੇ ਹਨ। ਇਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਹਾਈਕਮਾਂਡ ਦਬਾਅ ਬਣਾ ਰਹੀ ਹੈ। ਨਵਜੋਤ ਸਿੰਘ ਸਿੱਧੂ ਹੁਣ ਖੁਦ ਟਵੀਟ ਕਰਕੇ ਆਪਣਾ ਅਸਤੀਫਾ ਵਾਪਸ ਲਵੇ।