pathankot balloon pakistan again: ਪਠਾਨਕੋਟ ‘ਚ ਇਕ ਵਾਰ ਫਿਰ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਥੇ ਪਾਕਿਸਤਾਨੀ ਗੁਬਾਰਾ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਵੀ ਹਰੇ ਰੰਗ ਦਾ ਗੁਬਾਰਾ ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਪਲਾਹ ‘ਚੋਂ ਮਿਲਿਆ। ਦੱਸਿਆ ਜਾਂਦਾ ਹੈ ਕਿ ਗੁਬਾਰੇ ‘ਤੇ ਉਰਦੂ ‘ਚ ਕੁਝ ਲਿਖਿਆ ਹੋਇਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੁਬਾਰੇ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਗੁਬਾਰੇ ‘ਤੇ ‘ਜਸ਼ਨ ਆਜ਼ਾਦੀ ਮੁਬਾਰਕ’ ਲਿਖਿਆ ਹੋਇਆ ਹੈ। ਦੱਸਣਯੋਗ ਹੈ ਕਿ ਇਹ ਗੁਬਾਰਾ ਖੇਤਾਂ ‘ਚ ਦੇਖਣ ‘ਤੇ ਲੋਕਾਂ ਨੇ ਇਸ ਸਬੰਧੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ ਕਿ ਆਖਰਕਾਰ ਇਹ ਗੁਬਾਰਾ ਕਿੱਥੋ ਆਇਆ।
ਜ਼ਿਕਰਯੋਗ ਹੈ ਕਿ ਬੀਤੇ ਹਫਤੇ ਪਠਾਨਕੋਟ ਦੇ ਘਰੋਟਾ ਸਥਿਤ ਏਅਰਫੋਰਸ ਸਟੇਸ਼ਨ ਦੇ ਪਿਛਲੇ ਪਾਸਿਓ ਪੈਂਦੇ ਪਿੰਡ ਸਿੰਬਲੀ ਪਿੰਡ ‘ਚੋਂ ਗੁਬਾਰਾ ਮਿਲਿਆ ਸੀ, ਜਿਸ ‘ਤੇ ਉਰਦੂ ‘ਚ ਕੁਝ ਲਿਖਿਆ ਸੀ। ਇਸ ਘਟਨਾ ਨੇ ਲੋਕਾਂ ‘ਚ ਸਨਸਨੀ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ। ਦੱਸ ਦੇਈਏ ਕਿ ਪਠਾਨਕੋਟ ਸੰਵੇਦਨਸ਼ੀਲ ਖੇਤਰ ਹੈ। ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਇਹ ਖੇਤਰ ਅਕਸਰ ਦੇਸ਼ ਵਿਰੋਧੀ ਤੱਤਾਂ ਦੇ ਨਿਸ਼ਾਨੇ ‘ਤੇ ਰਿਹਾ ਹੈ। ਇੱਥੋ ਵਾਰ-ਵਾਰ ਪਾਕਿਸਤਾਨ ਤੋਂ ਆਏ ਗੁਬਾਰੇ ਮਿਲਣ ਨਾਲ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਹੈ।