ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਦੇ ਫਰੀਦਕੋਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਰਾਮ ਰਹੀਮ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੇ ਮੁਖੀ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਿੱਚ ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ, ਡੀ.ਐੱਸ.ਪੀ. ਲਖਬੀਰ ਸਿੰਘ ਅਤੇ ਇੱਕ ਇੰਸਪੈਕਟਰ ਯਾਨੀ ਕੁੱਲ 4 ਮੈਂਬਰਾਂ ਦੀ ਟੀਮ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਹੁੰਚ ਰਹੀ ਹੈ।
ਬੇਅਦਬੀ ਦਾ ਮਾਮਲਾ 2015 ਦਾ ਹੈ। ਡੇਰਾ ਮੁਖੀ ਤੋਂ ਕਰੀਬ 100 ਸਵਾਲ ਪੁੱਛੇ ਜਾਣਗੇ, ਜਿਨ੍ਹਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਹਾਲਾਂਕਿ ਐੱਸ.ਆਈ.ਟੀ. ਮੁਖੀ ਐੱਸ.ਪੀ.ਐੱਸ ਪਰਮਾਰ ਦਾ ਕਹਿਣਾ ਹੈ ਕਿ ਸਵਾਲ ਤੈਅ ਨਹੀਂ ਹੋਣਗੇ। ਰਾਮ ਰਹੀਮ ਸਾਡੇ ਸਵਾਲਾਂ ਦਾ ਜਵਾਬ ਕੀ ਦਿੰਦਾ ਹੈ, ਇਸ ‘ਤੇ ਵੀ ਬਹੁਤ ਕੁਝ ਨਿਰਭਰ ਕਰੇਗਾ। ਰਾਮ ਰਹੀਮ ਦੇ ਜਵਾਬ ਤੋਂ ਹੀ ਨਵੇਂ ਸਵਾਲ ਉੱਠ ਸਕਦੇ ਹਨ। ਐੱਸ.ਆਈ.ਟੀ. ਰਵਾਨਾ ਹੋ ਰਹੀ ਹੈ ਅਤੇ ਸਵੇਰੇ 9 ਤੋਂ 10 ਵਜੇ ਦੇ ਕਰੀਬ ਸੁਨਾਰੀਆ ਜੇਲ੍ਹ ਪਹੁੰਚੇਗੀ। ਇਸ ਤੋਂ ਪਹਿਲਾਂ ਫਰੀਦਕੋਟ ਜੇਲ ਨੇ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੇ ਹੁਕਮ ਜਾਰੀ ਕੀਤੇ ਸਨ। ਰਾਮ ਰਹੀਮ ਨੂੰ 29 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ 28 ਅਕਤੂਬਰ ਨੂੰ ਹੀ ਰੋਕ ਲਗਾ ਦਿੱਤੀ ਸੀ। ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਜੇਲ੍ਹ ਵਿੱਚ ਪੁੱਛਗਿੱਛ ਕਰਨ ਦੇ ਨਿਰਦੇਸ਼ ਦਿੱਤੇ ਸਨ।
ਪੰਜਾਬ ਪੁਲਿਸ ਦੀ ਐੱਸ.ਆਈ.ਟੀ. 6 ਸਾਲ ਪਹਿਲਾਂ ਦਰਜ ਹੋਏ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਮਾਮਲਾ 1 ਜੁਲਾਈ 2015 ਦਾ ਹੈ, ਜਦੋਂ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਤੋਂ 5 ਕਿਲੋਮੀਟਰ ਦੂਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਸੀ। 24 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰੇ ਨੇੜੇ ਦੋ ਹੱਥ ਲਿਖਤ ਪੋਸਟਰ ਲੱਗੇ ਮਿਲੇ ਸਨ। ਇਸ ਮਾਮਲੇ ਵਿੱਚ ਐੱਫ.ਆਈ.ਆਰ. ਨੰਬਰ 63 ਦਰਜ ਕੀਤੀ ਗਈ ਸੀ, ਜਿਸ ਵਿੱਚ ਰਾਮ ਰਹੀਮ ਦਾ ਨਾਮ ਸੀ। ਦੋਸ਼ ਹੈ ਕਿ ਪੰਜਾਬੀ ਭਾਸ਼ਾ ਵਿੱਚ ਲਿਖੇ ਇਨ੍ਹਾਂ ਪੋਸਟਰਾਂ ਵਿੱਚ ਅਪਸ਼ਬਦ ਬੋਲੇ ਗਏ ਸਨ ਅਤੇ ਪਵਿੱਤਰ ਸਰੂਪਾਂ ਦੀ ਚੋਰੀ ਵਿੱਚ ਡੇਰਾ ਸੱਚਾ ਸੌਦਾ ਦਾ ਹੱਥ ਹੋਣ ਬਾਰੇ ਵੀ ਗੱਲ ਲਿਖੀ ਹੋਈ ਸੀ। 12 ਅਕਤੂਬਰ 2015 ਨੂੰ ਬੁਰਜ ਜਵਾਹਰ ਸਿੰਘਵਾਲਾ ਦੀਆਂ ਗਲੀਆਂ ਵਿੱਚ ਪਵਿੱਤਰ ਸਰੂਪ ਦੇ ਅੰਗ ਖਿੱਲਰੇ ਪਾਏ ਗਏ ਸਨ। ਇਸ ਤੋਂ ਬਾਅਦ ਸਿੱਖ ਸੰਗਤ ‘ਤੇ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਸੀ।
ਸਾਲ 2015 ‘ਚ ਬੇਅਦਬੀ ਅਤੇ ਗੋਲੀਬਾਰੀ ਦੇ ਇਸ ਮਾਮਲੇ ‘ਚ 3 ਵੱਖ-ਵੱਖ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ ਅਤੇ ਪੰਜ ਡੇਰਾ ਪ੍ਰੇਮੀਆਂ ਰਣਦੀਪ ਸਿੰਘ ਉਰਫ ਨੀਲਾ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਨਰਿੰਦਰ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜੋ ਹੁਣ ਜ਼ਮਾਨਤ ‘ਤੇ ਬਾਹਰ ਹਨ। ਡੇਰਾ ਸੱਚਾ ਸੌਦਾ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ ਸੰਦੀਪ ਬਰੇਟਾ, ਪ੍ਰਦੀਪ ਕਲੇਰ ਅਤੇ ਹਰਸ਼ ਧੂਰੀ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ‘ਚ ਰਾਮ ਰਹੀਮ ਤੋਂ ਅੱਜ ਪੁੱਛਗਿੱਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: