ਦੁਨੀਆਂ ਨੂੰ ਸੇਵਾ ਦਾ ਸੁਨੇਹਾ ਦੇਣ ਵਾਲੇ ‘ਪਿੰਗਲਵਾੜੇ’ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਅੰਮ੍ਰਿਤਸਰ ਵਿੱਚ ਬਣੇ ਗੇਟ ਨੂੰ ਤੋੜ ਦਿੱਤਾ ਗਿਆ। ਸੀਸੀ ਕੈਮਰਿਆਂ ਦੀ ਫੁਟੇਜ ਵਿੱਚ ਕੁਝ ਨੌਜਵਾਨ ਗੇਟ ਤੋੜਦੇ ਹੋਏ ਦਿਖਾਈ ਦਿੱਤੇ। ਭਗਤ ਪੂਰਨ ਸਿੰਘ ਗੇਟ ਤੋੜਨ ਵਾਲੇ ਅੰਮ੍ਰਿਤਸਰ ਨਗਰ ਨਿਗਮ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਪੁੱਤਰ ਹਨ। ਭਾਜਪਾ ਨਾਲ ਜੁੜੇ ਸੁਭਾਸ਼ ਸ਼ਰਮਾ ਦਾ ਪਰਿਵਾਰ ਅੰਮ੍ਰਿਤਸਰ ਦੇ ਪਿੰਗਲਵਾੜਾ ਨੇੜੇ ਰਹਿੰਦਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਅੰਮ੍ਰਿਤਸਰ ਵਿੱਚ ਭਗਤ ਪੂਰਨ ਸਿੰਘ ਗੇਟ ਪਿੰਗਲਵਾੜਾ ਦੇ ਮੁੱਖ ਦਫ਼ਤਰ ਦੇ ਨਾਲ ਬਣਿਆ ਹੋਇਆ ਹੈ। ਕਾਂਗਰਸ ਨਾਲ ਜੁੜੇ ਸੌਰਭ ਮਿੱਠੂ ਮਦਾਨ ਨੇ ਦੱਸਿਆ ਕਿ ਭਾਜਪਾ ਦੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਪੁੱਤਰਾਂ ਰਾਜੀਵ ਅਤੇ ਭਾਰਤ ਭੂਸ਼ਣ ਨੇ ਇਹ ਗੇਟ ਤੋੜਿਆ ਹੈ। ਭਾਜਪਾ ਆਗੂ ਦੇ ਪੁੱਤਰਾਂ ਦੀ ਇਸ ਹਰਕਤ ਨੇ ਭਗਤ ਪੂਰਨ ਸਿੰਘ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।
ਮਿੱਠੂ ਮਦਾਨ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਰਾਜੀਵ ਸ਼ਰਮਾ ਅਤੇ ਭਾਰਤ ਭੂਸ਼ਣ ਆਪਣੀ ਗੱਡੀ ਤੋਂ ਹੇਠਾਂ ਉਤਰ ਕੇ ਗੇਟ ਨੂੰ ਨੁਕਸਾਨ ਪਹੁੰਚਾ ਰਹੇ ਹਨ। ਮਿੱਠੂ ਨੇ ਮੰਗ ਕੀਤੀ ਕਿ ਗੇਟ ਤੋੜਨ ਵਾਲੇ ਰਾਜੀਵ ਸ਼ਰਮਾ ਅਤੇ ਭਾਰਤ ਭੂਸ਼ਣ ਸ਼ਰਮਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਨਹੀਂ ਤਾਂ ਕਾਂਗਰਸੀ ਵਰਕਰ ਰੋਡ ਜਾਮ ਕਰਨਗੇ। ਮੌਕੇ ’ਤੇ ਪੁੱਜੇ ਅੰਮ੍ਰਿਤਸਰ ਦੇ ਏ.ਡੀ.ਸੀ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਸਾਬਕਾ ਮੇਅਰ ਦੇ ਪੁੱਤਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪਿੰਗਲਵਾੜਾ ਸੰਸਥਾ ਦੀ ਮੁਖੀ ਬੀਬੀ ਇੰਦਰਜੀਤ ਕੌਰ ਨੇ ਭਗਤ ਪੂਰਨ ਸਿੰਘ ਦੇ ਗੇਟ ਨੂੰ ਤੋੜਨ ਦੀ ਨਿੰਦਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਬੀਬੀ ਇੰਦਰਜੀਤ ਕੌਰ ਨੇ ਕਿਹਾ ਕਿ ਭਾਜਪਾ ਆਗੂ ਦੇ ਪੁੱਤਰਾਂ ਨੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਵਰਗੀ ਸ਼ਖ਼ਸੀਅਤ ਨਾਲ ਜੁੜੀ ਯਾਦ ਨੂੰ ਨੁਕਸਾਨ ਪਹੁੰਚਾ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: