ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਲਈ ਪਿਆਰ ਮੁੜ ਸੁਰਜੀਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਕੋਈ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ। ਜਦੋਂ ਉਨ੍ਹਾਂ ਕੋਲੋਂ ਸਿੱਧੂ ਨੂੰ ਪੰਜਾਬ ਵਿੱਛ ਆਪ ਦਾ ਸੀ. ਐੱਮ. ਚਿਹਰਾ ਬਣਾਉਣ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਨੇ ਹੱਸ ਕੇ ਟਾਲ ਦਿੱਤਾ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਜੇ ਵੀ ਸਿੱਧੂ ਦੀ ਉਡੀਕ ਵਿੱਚ ਹਨ।
ਦਿੱਲੀ ‘ਚ ਮੀਡੀਆ ਨਾਲ ਕੇਜਰੀਵਾਲ ਨੇ ਹੱਸਦਿਆਂ ਕਿਹਾ ਕਿ ਸਿੱਧੂ ‘ਆਪ’ ‘ਚ ਸ਼ਾਮਲ ਨਹੀਂ ਹੋ ਰਹੇ। ਹਾਲਾਂਕਿ, ਅਗਲੇ ਹੀ ਪਲ ਉਨ੍ਹਾਂ ਰਾਜਨੀਤੀ ‘ਚ ਕੋਈ ਦੁਸ਼ਮਣ ਨਹੀਂ ਹੁੰਦਾ ਕਹਿ ਕੇ ਸਿਆਸੀ ਚਰਚਾਵਾਂ ਨੂੰ ਗਰਮਾ ਦਿੱਤਾ। ਇਸ ਤੋਂ ਪਹਿਲਾਂ ਵੀ ਕੇਜਰੀਵਾਲ ਨੇ ਕਿਹਾ ਸੀ ਕਿ ਸਿੱਧੂ ‘ਆਪ’ ‘ਚ ਸ਼ਾਮਲ ਹੋਣਾ ਚਾਹੁੰਦੇ ਹਨ ਅਤੇ ਉਹ ਅਜੇ ਵੀ ਕਾਂਗਰਸ ਛੱਡਣ ਲਈ ਤਿਆਰ ਬੈਠੇ ਹਨ। ਉੱਥੇ ਹੀ, ਖੁਦ ਦੇ ਪੰਜਾਬ ਸੀ. ਐੱਮ. ਅਹੁਦੇ ਦੇ ਉਮੀਦਵਾਰ ਹੋਣ ਦੇ ਸਵਾਲ ‘ਤੇ ਕੇਜਰੀਵਾਲ ਨੇ ਕਿਹਾ ਕਿ ਉਹ ਦਿੱਲੀ ਦੇ ਬੇਟੇ ਅਤੇ ਭਰਾ ਹਨ। ਉਹ ਦਿੱਲੀ ‘ਚ ਹੀ ਰਹਿਣਗੇ। ਦਿੱਲੀ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ। ਪੰਜਾਬ ਦੀਆਂ ਵਿਰੋਧੀ ਪਾਰਟੀਆਂ ਲਗਾਤਾਰ ਦੋਸ਼ ਲਗਾ ਰਹੀਆਂ ਹਨ ਕਿ ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਸਿਰਫ 3 ਮਹੀਨਿਆਂ ਲਈ ਸੀ. ਐੱਮ. ਬਣਾਇਆ ਹੈ, ਤਾਂ ਜੋ ਉਹ ਅਗਲੀਆਂ ਚੋਣਾਂ ਵਿੱਚ ਐੱਸ. ਸੀ. ਵੋਟਾਂ ਹਾਸਲ ਕਰ ਸਕਣ। ਚੰਨੀ ਨੇ ਖੁਦ ਕਿਹਾ ਕਿ ਉਹ ਅਗਲੀਆਂ ਚੋਣਾਂ ‘ਚ ਮੁੱਖ ਮੰਤਰੀ ਦੇ ਉਮੀਦਵਾਰ ਨਹੀਂ ਹਨ। ਮੁੱਖ ਮੰਤਰੀ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਸੀਐੱਮ ਚਰਨਜੀਤ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਿਹਾ ਸੀ। ਇਸ ਦੇ ਜਵਾਬ ‘ਚ ਕੇਜਰੀਵਾਲ ਨੇ ਕਿਹਾ ਕਿ ‘ਅਸੀਂ ਕਾਲੇ ਹਾਂ ਤਾਂ ਕੀ ਹੋਇਆ ਦਿਲਵਾਲੇ ਹਾਂ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ ਕਾਲਾ ਪੁੱਤਰ ਤੇ ਭਰਾ ਪਸੰਦ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਸੀਐੱਮ ਚੰਨੀ ਨੂੰ ਫਰਜ਼ੀ ਕੇਜਰੀਵਾਲ ਕਿਹਾ। ਜੋ 3 ਮਹੀਨਿਆਂ ਬਾਅਦ ਪੰਜਾਬ ‘ਚ ਨਜ਼ਰ ਨਹੀਂ ਆਵੇਗਾ।
ਕੇਜਰੀਵਾਲ ਦੀ ਸਿਆਸੀ ਸੱਟੇਬਾਜ਼ੀ ਨਾਲ ਨਵਜੋਤ ਸਿੱਧੂ ਵੀ ਦਬਾਅ ਹੇਠ ਨਜ਼ਰ ਆ ਰਹੇ ਹਨ। ਸਿੱਧੂ ਨੇ ਹੁਣ ਤੱਕ ‘ਆਪ’ ਖਿਲਾਫ ਕੁਝ ਨਹੀਂ ਕਿਹਾ ਸੀ। ਹਾਲਾਂਕਿ ਜਦੋਂ ਤੋਂ ਸਿੱਖਿਆ ਦੇ ਮੁੱਦੇ ’ਤੇ ‘ਆਪ’ ਨੇ ਸਿੱਧੂ ਦੇ ਕਰੀਬੀ ਮੰਤਰੀ ਪਰਗਟ ਸਿੰਘ ਨੂੰ ਘੇਰਿਆ ਤਾਂ ਸਿੱਧੂ ਮੈਦਾਨ ਵਿੱਚ ਆ ਗਏ। ਉਨ੍ਹਾਂ ਨੇ ਮੁੱਖ ਮੰਤਰੀ ਦਾ ਚਿਹਰਾ ਨਾ ਮਿਲਣ ‘ਤੇ ਕੇਜਰੀਵਾਲ ਦਾ ਮਜ਼ਾਕ ਉਡਾਇਆ ਕਿ ਲਾੜਾ ਨਹੀਂ ਮਿਲ ਰਿਹਾ ਤੇ ਬਰਾਤ ਪੂਰੇ ਪੰਜਾਬ ‘ਚ ਨੱਚ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: