ਪਾਕਿਸਤਾਨ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਿਆਸੀ ਉਥਲ-ਪੁਥਲ ਵਿਚਾਲੇ ਆਖਿਰਕਾਰ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਹੋ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਨੂੰ ਪਾਕਿਸਤਾਨ ਦਾ ਅਗਲਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਐਲਾਨ ਕੀਤਾ ਕਿ ਪੀਐਮਐਲ-ਐਨ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ਼ ਨੂੰ 201 ਵੋਟਾਂ ਪ੍ਰਾਪਤ ਕਰਕੇ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਹੈ।
ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਦੇ ਲੋਕ ਇਸ ਸਿਆਸੀ ਖਿੱਚੋਤਾਣ ਦੇ ਖ਼ਤਮ ਹੋਣ ਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਆਪਣਾ ਪ੍ਰਧਾਨ ਮੰਤਰੀ ਮਿਲ ਜਾਵੇਗਾ। ਆਖਰਕਾਰ ਅੱਜ ਉਹ ਉਡੀਕ ਖਤਮ ਹੋ ਗਈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੇ ਸੀਨੀਅਰ ਨੇਤਾ ਸ਼ਹਿਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਅਗਲਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਉਨ੍ਹਾਂ ਨੂੰ 201 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਉਮਰ ਅਯੂਬ ਖਾਨ ਨੂੰ 90 ਵੋਟਾਂ ਮਿਲੀਆਂ।
ਲਗਾਤਾਰ ਚੌਥੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਲਈ ਪਿਛਲੇ ਸਾਲ ਅਕਤੂਬਰ ‘ਚ ਲੰਡਨ ਤੋਂ ਪਰਤੇ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣ ਨਾ ਲੜਨ ਦਾ ਫੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਦੀ ਪਾਰਟੀ ਪੀ.ਐੱਮ.ਐੱਲ.-ਐੱਨ ਨੂੰ ਆਪਣੇ ਦਮ ‘ਤੇ ਸਰਕਾਰ ਬਣਾਉਣ ਲਈ ਅੱਠ ਫਰਵਰੀ ਨੂੰ ਹੋਈਆਂ ਚੋਣਾਂ ਵਿੱਚ ਲੋੜੀਂਦੀਆਂ ਸੀਟਾਂ ਨਹੀਂ ਮਿਲੀਾਂ ਸਨ। ਪੀ.ਐੱਮ.ਐੱਲ.-ਐੱਨ ਪ੍ਰਧਾਨ ਸ਼ਹਿਬਾਜ਼ ਪਾਕਿਸਤਾਨ ਦੇ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਹਨ। ਸਾਰਿਆਂ ਨੂੰ ਹੈਰਾਨਗੀ ਵਿੱਚ ਪਾਉਂਦੇ ਹੋਏ ਨਵਾਜ਼ ਸ਼ਰੀਫ ਨੇ ਗਠਜੋੜ ਦੀ ਅਗਵਾਈ ਕਰਨ ਲਈ ਸ਼ਹਿਬਾਜ਼ ਦਾ ਸਮਰਥਨ ਕੀਤਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ‘ਸਰਕਾਰ-ਵਪਾਰ ਮਿਲਣੀ’ ‘ਚ ਪਹੁੰਚੇ ਕੇਜਰੀਵਾਲ ਤੇ CM ਮਾਨ, ਵਪਾਰੀਆਂ ਲਈ 9 ਸਹੂਲਤਾਂ ਦਾ ਕੀਤਾ ਐਲਾਨ
ਪੀਐਮਐਲ-ਐਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਾਂਝੇ ਉਮੀਦਵਾਰ ਸ਼ਾਹਬਾਜ਼ ਨੇ ਸ਼ਨੀਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਉਮਰ ਅਯੂਬ ਖ਼ਾਨ ਸ਼ਰੀਫ਼ ਦੇ ਵਿਰੋਧੀ ਸਨ। ਸ਼ਰੀਫ ਦੀ ਅਗਵਾਈ ਵਾਲੀ ਪਾਰਟੀ 8 ਫਰਵਰੀ ਨੂੰ ਹੋਈਆਂ ਚੋਣਾਂ ‘ਚ ਸਪੱਸ਼ਟ ਬਹੁਮਤ ਹਾਸਲ ਕਰਨ ‘ਚ ਅਸਫਲ ਰਹੀ ਸੀ। ਇਸ ਚੋਣ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪੀਟੀਆਈ ਦੁਆਰਾ ਸਮਰਥਿਤ 90 ਤੋਂ ਵੱਧ ਆਜ਼ਾਦ ਉਮੀਦਵਾਰਾਂ ਨੇ 336 ਮੈਂਬਰੀ ਨੈਸ਼ਨਲ ਅਸੈਂਬਲੀ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਸਨ। ਹਾਲਾਂਕਿ, ਮੁਤਾਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐਮਕਿਊਐਮ-ਪੀ), ਇਸਤਿਕਾਮ-ਏ-ਪਾਕਿਸਤਾਨ ਪਾਰਟੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸ਼ਾਮਲ ਹੋਣ ਤੋਂ ਬਾਅਦ ਚੋਣ ਗਠਜੋੜ ਨੇ ਪੀਐਮਐਲ-ਐਨ ਉਮੀਦਵਾਰ ਨੂੰ ਸਮਰਥਨ ਦਿੱਤਾ, ਜਿਸ ਨਾਲ ਇਹ ਯਕੀਨੀ ਹੋ ਗਿਆ ਸੀ ਕਿ ਸ਼ਹਿਬਾਜ਼ ਸ਼ਰੀਫ ਆਸਾਨੀ ਨਾਲ ਮੁਲਕ ਦੇ ਪ੍ਰਧਾਨ ਮੰਤਰੀ ਬਣ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਭਲਕੇ ਸ਼ਰੀਫ ਨੂੰ ਰਾਸ਼ਟਰਪਤੀ ਆਵਾਸ ਐਵਾਨ-ਏ-ਸਦਰ ਵਿੱਚ ਅਹੁਦੇ ਦੀ ਸਹੁੰ ਚੁਕਵਾਈ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: