ਲਾਹੌਰ ਦਾ ਇੱਕ ਪ੍ਰਸਿੱਧ ਵਪਾਰੀ ਦੁਨੀ ਚੰਦ ਪੂਜਾ ਲਈ ਸਵੇਰੇ ਠਾਕੁਰਦਵਾਰੇ ਆਇਆ, ਤਾਂ ਉਸਨੇ ਵਾਪਿਸ ਪਰਤਦੇ ਸਮੇਂ ਗਰੂ ਨਾਨਕ ਦੇਵ ਜੀ ਨੂੰ ਇੱਕ ਸੰਨਿਆਸੀ ਜਾਣ ਕੇ ਆਪਣੇ ਇੱਥੇ ਪਿਤ੍ਰ–ਭੋਜ ’ਤੇ ਸੱਦਾ ਦਿੱਤਾ। ਗੁਰੂ ਜੀ ਨੇ ਉਸਦਾ ਮਾਰਗ ਦਰਸ਼ਨ ਕਰਨ ਲਈ ਇਸ ਵਿੱਚ ਸ਼ਾਮਲ ਹੋਣਾ ਸਵੀਕਾਰ ਕਰ ਲਿਆ।
ਉਥੇ ਪਹੁੰਚ ਕੇ ਬਾਬਾ ਨਾਨਕ ਨੇ ਉਨ੍ਹਾਂ ਨੂੰ ਸਹੀ ਰਾਹ ਵਿਖਾਉਣ ਲਈ ਪਿਤਰ–ਭੋਜ ਦੇ ਸ਼ੁਰੂ ਹੋਣ ਸਮੇਂ ਉਪਦੇਸ਼ ਦਿੱਤਾ: ਭਲੇ ਲੋਕੋਂ ! ਪਿਤਰ ਲੋਕ ਨਾਮ ਦਾ ਕੋਈ ਵੱਖਰਾ ਸਥਾਨ ਨਹੀਂ ਹੈ। ਹਰ ਇੱਕ ਪ੍ਰਾਣੀ ਨੂੰ ਆਪਣੇ ਕਰਮਾਂ ਅਨੁਸਾਰ ਇੱਥੇ ਦੂਜਾ ਸਰੀਰ ਧਾਰਣ ਕਰਕੇ ਫਲ ਭੋਗਣਾ ਪੈਂਦਾ ਹੈ। ਜੇਕਰ ਵਿਅਕਤੀ ਸਹੀ ਕਰਮ ਕਰਦਾ ਹੈ, ਤਾਂ ਹੋ ਸਕਦਾ ਹੈ ਉਹ ਪ੍ਰਭੂ ਵਿੱਚ ਲੀਨ ਹੋ ਜਾਵੇ ਜਿਵੇਂ ਸਾਗਰ ਵਿੱਚ ਗੰਗਾ ਸਮਾ ਜਾਂਦੀ ਹੈ ਨਹੀਂ ਤਾਂ ਉਹ ਮੁੜ-ਮੁੜ ਇਸ ਜਨਮ–ਮਰਣ ਦੇ ਚੱਕਰ ਵਿੱਚ ਬੱਝਿਆ ਰਹਿੰਦਾ ਹੈ।
ਇਹ ਮਰਣ–ਜੰਮਣ ਦਾ ਚੱਕਰ ਉਦੋਂ ਤੱਕ ਖ਼ਤਮ ਨਹੀਂ ਹੁੰਦਾ ਜਦੋਂ ਤੱਕ ਪ੍ਰਾਣੀ ਆਪ ਉਸ ਪ੍ਰਭੂ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ। ਇਸ ਲਈ ਸ਼ਰਾਧ ਕਰਨਾ ਇੱਕ ਕਰਮ–ਕਾਂਡ ਮਾਤਰ ਹੀ ਹੈ। ਇਨ੍ਹਾਂ ਕਾਰਜਾਂ ਨਾਲ ਸੋਈ ਆਤਮਾ ਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ, ਕਿਉਂਕਿ ਪਤਾ ਨਹੀਂ ਉਹ ਆਤਮਾ ਕਿਸ ਜੂਨ ਵਿੱਚ ਸ਼ਰੀਰ ਧਾਰਨ ਕਰਕੇ ਘੁੰਮ ਰਹੀ ਹੈ।
ਇਹ ਵੀ ਪੜ੍ਹੋ : ਜਦੋਂ ਬਾਬਰ ਦੇ ਪੁੱਤਰ ਹੁਮਾਯੂੰ ਨੇ ਗੁਰੂ ਅੰਗਦ ਦੇਵ ਜੀ ‘ਤੇ ਚੁੱਕ ਲਈ ਤਲਵਾਰ
ਅਸਲ ਵਿੱਚ ਮਾਤਾ-ਪਿਤਾ ਦੀ ਸੇਵਾ ਉਨ੍ਹਾਂ ਦੇ ਜੀਵਨ ਵਿੱਚ ਹੀ ਕਰਨੀ ਚਾਹੀਦੀ ਹੈ। ਮੌਤ ਦੇ ਬਾਅਦ ਸੇਵਾ ਕੋਈ ਸੇਵਾ ਨਾ ਹੋ ਕੇ ਕੇਵਲ ਜਗਤ ਦਿਖਾਵਾ ਹੀ ਹੈ। ਜੇਕਰ ਇੱਕ ਵਿਸ਼ਵਾਸ ਦੇ ਅਨੁਸਾਰ ਮੰਨ ਵੀ ਲਿਆ ਜਾਵੇ ਕਿ ਕੋਈ ਪਿਤਰ ਲੋਕ ਹੈ ਤਾਂ ਇੱਥੋਂ ਕੀਤਾ ਗਿਆ ਸ਼ਰਾਧ–ਭੋਜ ਪੂਰਵਜਾਂ ਨੂੰ ਮਿਲੇਗਾ? ਪਿਤਰਾਂ ਦੇ ਨਾਂ ’ਤੇ ਕੀਤਾ ਗਿਆ ਦਾਨ ਕੀ ਉਨ੍ਹਾਂ ਤੱਕ ਪਹੁੰਚ ਸਕਦਾ ਹੈ? ਇਥੇ ਗੁਰੂ ਸਾਹਿਬ ਨੇ ਵਚਨ ਉਚਾਰੇ :
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
ਅਗੈ ਵਸ੍ਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥ ਰਾਗ ਆਸਾ, ਅੰਗ ਸੰਖ੍ਯਾ 472
ਗੁਰੂ ਜੀ ਦੀਆਂ ਇਹ ਗੱਲਾਂ ਸੁਣ ਕੇ ਤੇ ਉਨ੍ਹਾਂ ਦੇ ਤਰਕਾਂ ਅੱਗੇ ਸਭ ਸ਼ਾਂਤ ਹੋਕੇ ਆਪਣੀ ਭੁੱਲ ਦਾ ਪਛਤਾਵਾ ਕਰਣ ਲੱਗੇ।