Guru Nanak Dev Ji gave: ਇੱਕ ਵਾਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਪਿੰਡ ਵਿੱਚ ਗਏ ਜਿੱਥੋਂ ਦੇ ਲੋਕ ਬਹੁਤ ਮਤਲਬੀ , ਅਧਿਆਤਮਕ ਕਦਰਾਂ ਕੀਮਤਾਂ ਅਤੇ ਇਮਾਨਦਾਰੀ ਤੋਂ ਬਹੁਤ ਦੂਰ ਸਨ। ਕੁਝ ਦਿਨ ਰੁਕਣ ਤੋਂ ਬਾਅਦ ਉੱਥੋਂ ਜਾਣ ਸਮੇਂ ਗੁਰੂ ਜੀ ਨੇ ਪਿੰਡ ਵਾਲਿਆ ਵੱਲ ਆਪਣਾ ਹੱਥ ਚੁੱਕਿਆ ਅਤੇ ਅਸੀਸ ਵਿੱਚ ਬਚਨ ਕੀਤਾ “ਵਸਦੇ ਰਹੋ ” । ਅਗਲੇ ਦਿਨ ਗੁਰੂ ਨਾਨਕ ਦੇਵ ਜੀ ਕਿਸੇ ਹੋਰ ਪਿੰਡ ਵਿੱਚ ਪਹੁੰਚੇ ਜਿੱਥੇ ਦੇ ਲੋਕ ਬਹੁਤ ਸੂਝਵਾਨ, ਇਮਾਨਦਾਰ ਅਤੇ ਅਧਿਆਤਮਕ ਕਦਰਾਂ ਕੀਮਤਾਂ ਦੇ ਧਨੀ ਸਨ । ਉਹਨਾਂ ਨੇ ਗੁਰੂ ਜੀ ਦੇ ਪਿੰਡ ਵਿੱਚ ਆਉਣ ਤੇ ਸਤਿਕਾਰ ਵੀ ਕੀਤਾ । ਗੁਰੂ ਜੀ ਪਿੰਡ ਵਿੱਚ ਅਰਾਮ ਨਾਲ ਕੁਝ ਦਿਨ ਰਹੇ ਅਤੇ ਪਰਚਾਰ ਕੀਤਾ । ਜਦੋਂ ਗੁਰੂ ਜੀ ਉੱਥੋ ਜਾਣ ਲਗੇ ਤਾਂ ਗੁਰੂ ਜੀ ਨੇ ਬਚਨ ਕੀਤਾ “ਉਜੜ ਜਾਓ”।
ਭਾਈ ਮਰਦਾਨਾ ਜੀ ਬਹੁਤ ਹੈਰਾਨ ਹੋਏ ਅਤੇ ਗੁਰੂ ਜੀ ਤੋਂ ਪੁੱਛਿਆ ਕਿ ” ਉਜੜਣ ਲਈ ਬਚਨ ?” ਫਿਰ ਗੁਰੂ ਜੀ ਨੇ ਸਮਝਾਇਆ ਇਸ ਪਿੰਡ ਦੇ ਲੋਕ ਬਹੁਤ ਚੰਗੇ , ਅਧਿਆਤਮਕ ਅਤੇ ਇਮਾਨਦਾਰ ਹਨ । ਇਹ ਜਿੱਥੇ ਵੀ ਜਾਣਗੇ ਉੱਥੇ ਲੋਕਾਂ ਨੂੰ ਚੰਗੀ ਸੰਗਤ ਦੇਣਗੇ । ਇਹ ਲੋਕ ਉਜਣ ਤਾਂ ਜੋ ਅਲੱਗ ਅਲੱਗ ਸਥਾਨ ਤੇ ਜਾਣ ਅਤੇ ਚੰਗੀ ਸੰਗਤ ਨਾਲ ਦੁਨੀਆ ਨੂੰ ਚੰਗਾ ਕਰਨ । ਪਿਛਲੇ ਪਿੰਡ ਵਰਗੇ ਲੋਕ ਵਸਦੇ ਰਹਿਣ ਤਾਂ ਹੀ ਚੰਗਾ ਹੈ ਨਹੀਂ ਤਾਂ ਲੋਕ ਉਹਨਾਂ ਵਰਗੇ ਮਤਲਬੀ , ਝੂਠੇ ਅਤੇ ਅਧਿਆਤਮਕਤਾ ਤੋਂ ਦੂਰ ਰਹਿਣਗੇ ।