‘ਯੋਗ’ ਜਾਂ ‘ਯੋਗਾ’ ਸ਼ਬਦ ‘ਯੋਗਾ’ (ਜਾਂ ‘ਯੋਗ’) ਸੰਸਕ੍ਰਿਤ ਦੇ ਮੂਲ ‘ਯੁਜ’ ਤੋਂ ਆਇਆ ਹੈ, ਜਿਸਦਾ ਅਰਥ ਹੈ ‘ਸ਼ਾਮਲ ਹੋਣਾ’ ਜਾਂ ‘ਜੁੜਨਾ’। ‘ਯੋਗਾ’ ਦਾ ਸਿੱਧਾ ਭਾਵ ਹੈ ‘ਹਉਮੈ’ ਨੂੰ ਅਕਾਲ ਪੁਰਖ ਵਿੱਚ ਸ਼ਾਮਲ ਕਰਨਾ ਜਾਂ ਜੋੜਨਾ ਭਾਵ ਉਸ ਨਿਰੰਕਾਰ ਜੋਤ ਸਰੂਪ ਅਕਾਲ ਪੁਰਖ ਨਾਲ ਆਪਣੇ ਮਨ ਨੂੰ ਇਸ ਤਰ੍ਹਾਂ ਜੋੜ ਲੈਣਾ ਕਿ ਆਪਣੇ ਆਪ ਦੇ ਸੱਚੇ ਰੂਪ ਦੀ ਪਛਾਣ ਹੋ ਜਾਵੇ, ਜਿਵੇਂ ਕਿ ਗੁਰਬਾਣੀ ਵਿੱਚ ਕਿਹਾ ਗਿਆ ਹੈ ‘ਆਪਣਾ ਮੂਲੁ ਪਛਾਣੁ’।
ਦੂਜੇ ਅਰਥਾਂ ਵਿਚ ਯੋਗਾ ਦਾ ਅਰਥ ਹੈ ਉਸ ਵਿਸ਼ਵਵਿਆਪੀ ਚੇਤਨਾ ਨਾਲ ਇਕਸਾਰ ਹੋਣਾ, ਅਨੁਭਵ ਜਾਂ ਏਕਤਾ ਦਾ ਉਸ ਦਿੱਵ ਚੇਤਨਾ (ਰੱਬ) ਨਾਲ ਇੱਕ-ਮਿੱਕ ਹੋ ਜਾਣਾ। ਗੁਰਮਤਿ ਅਨੁਸਾਰ ਜਿਹੜਾ ਵਿਅਕਤੀ ਗੁਰਮੁਖ ਬਣ ਜਾਂਦਾ ਹੈ ਉਹ ਸੱਚਾ ਯੋਗੀ ਹੁੰਦਾ ਹੈ।
ਗੁਰਬਾਣੀ ਗੁਰਮੁਖ ਨੂੰ ਸ਼ਬਦ-ਵਿਚਾਰ ਦੁਆਰਾ ਜਾਂ ਗੁਰਬਾਣੀ ਦੇ ਜਾਪ ਨਾਲ “ਹਰਿ ਗੁਣ” ਅਤੇ ਗਿਆਨ ਵਿੱਚ ਅਭੇਦ ਬਣਾਉਂਦੀ ਹੈ, ਅਤੇ ਇਸ ਤੋਂ ਬਾਅਦ ਇਸ ਨੂੰ ਰੋਜ਼ਾਨਾ ਦੇ ਜੀਵਨ ਵਿੱਚ ਧਾਰਨ ਕਰਨਾ ਸਿਖਾਉਂਦੀ ਹੈ।
ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥੨੦॥
ਜੋ ਮਨੁੱਖ ਗੁਰੂ ਦੇ ਦੱਸੇ ਰਾਹ ‘ਤੇ ਤੁਰਦਾ ਹੈ, ਉਹੀ ਜੋਗ ਕਮਾਉਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਉੱਚੀ ਆਤਮਿਕ ਵਿਚਾਰ ਦਾ ਮਾਲਕ ਬਣਦਾ ਹੈ, ਇਹੀ ਹੈ ਉਸ ਦਾ ਜਤ ਤੇ ਸਤ (ਕਾਇਮ ਰੱਖਣ ਦਾ ਤਰੀਕਾ)।
ਸਾਰੇ ਕੈ ਮਧਿ ਸਗਲ ਤੇ ਨਿਵਾਸ॥
ਸਭ ਦੇ ਵਿਚਕਾਰ ਬਣੇ ਰਹੋ, ਅਤੇ ਫਿਰ ਵੀ ਸਾਰਿਆਂ ਤੋਂ ਵੱਖ ਹੋ ਜਾਓ। (ਸ਼ਬਦ 296) ਭਾਵ ਸੰਸਾਰ ਵਿੱਚ ਰਹਿੰਦੇ ਹੋਏ ਬੁੱਧੀ ਤੋਂ ਅਕਾਲ ਪੁਰਖ ਨਾਲ ਜੁੜੇ ਰਹਿਣਾ। ਸੰਸਾਰ ਜਾਂ ਮਾਇਆ ਦੇ ਵਿੱਚ ਰਹਿੰਦੇ ਹੋਏ ਗੁਰਮੁਖ ਜੀਵਨ ਸ਼ੈਲੀ ਵਿਚ ਰਹਿਣ ਲਈ ਜ਼ਰੂਰੀ ਸ਼ਰਤ ਹੈ ਨਿਰਲੇਪਤਾ (ਬੈਰਾਗ), ਭਗਤੀ, ਸੰਜਮ, ਨਾਮ (ਗਿਆਨ, ਗੁਣ, ਸੱਚ, ਬਿਬੇਕ …)।
ਗੁਰਮੁਖਿ ਜੋਗੀ ਜੁਗਤਿ ਜਾਣੈ॥
ਜਿਹੜਾ ਮਨੁੱਖ ਗੁਰਮੁਖ ਬਣ ਗਿਆ ਹੈ ਉਹ (ਸੱਚਾ) ਯੋਗੀ ਹੈ, ਉਹ ਮਨੁੱਖ ਜੀਵਨ ਜਾਂ ਯੋਗ ਦੀ ਰਾਹ ਨੂੰ ਅਨੁਭਵ ਕਰਦਾ ਹੈ।
ਸਪੱਸ਼ਟ ਹੈ ਕਿ ਗੁਰਮਤਿ ਦੇ ਸੱਚੇ ਯੋਗੀ ਬਣਨ ਲਈ ਇਹ ਚੜ੍ਹਾਈ ਹੈ। ਗੁਰਬਾਣੀ ਅਨੁਸਾਰ ਜਿਹੜਾ ਵਿਅਕਤੀ ‘ਜੁਗਤਿ’ (ਜੀਵਨ ਢੰਗ ਆਦਿ) ਨੂੰ ਸਹੀ ਢੰਗ ਨਾਲ ਜਿਊਣਾ ਜਾਣਦਾ ਹੈ ਉਹ ਇੱਕ ਸੱਚਾ ਯੋਗੀ ਭਾਵ ਗੁਰਮੁਖ ਹੈ।
ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥ ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥ ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥
ਉਹ ਮਨੁੱਖ ਇੱਕ ਯੋਗੀ ਹੈ ਅਤੇ ਕੇਵਲ ਉਹ ਹੀ ਰਸਤਾ ਪਾ ਲੈਂਦਾ ਹੈ, ਜੋ ਗੁਰਮੁਖ ਹੋ ਕੇ ਨਾਮ ਪ੍ਰਾਪਤ ਕਰਦਾ ਹੈ। ਉਸ ਯੋਗੀ ਦੇ ਸਰੀਰ-ਪਿੰਡ ਵਿਚ ਸਾਰੇ (ਗੁਣ) ਹਨ, ਇਹ ਯੋਗ ਧਰਮ ਦੇ ਬਾਹਰੀ ਦਿਖਾਵੇ ਦੁਆਰਾ ਪ੍ਰਾਪਤ ਨਹੀਂ ਹੁੰਦਾ। ਹੇ ਨਾਨਕ! ਅਜਿਹੇ ਯੋਗੀ ਬਹੁਤ ਘੱਟ ਹੁੰਦੇ ਹਨ, ਜਿਸ ਦੇ ਅੰਦਰ ਗਿਆਨ, ਗੁਣ, ਸੱਚ ਪਰਗਟ ਹੁੰਦੇ ਹਨ।
ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ : ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਫਲਾਈਟ ਮੁੜ ਭਰੇਗੀ ਉਡਾਨ
ਵਿਣੁ ਗੁਣ ਦਾਤੇ ਭਗਤਿ ਨ ਹੋਇ॥ ਸਤਿਗੁਰੁ ਸੇਵੇ ਸੋ ਜੋਗੀ ਹੋਇ॥
ਗੁਣਾਂ ਦੀ ਪ੍ਰਾਪਤੀ ਕੀਤੇ ਬਗੈਰ ਭਗਤੀ ਨਹੀਂ ਕੀਤੀ ਜਾ ਸਕਦੀ ਅਤੇ ਯੋਗੀ ਉਹ ਵਿਅਕਤੀ ਹੈ ਜੋ ਸਤਿਗੁਰੂ ਦੀ ਸੇਵਾ ਕਰਦਾ ਹੈ।