ਲੁਧਿਆਣਾ- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮੇ ਤਹਿਤ ਕਵਰ ਕਰਨ ਲਈ ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਭਲਕੇ ਯੋਗ ਲਾਭਪਾਤਰੀਆਂ ਨੂੰ ਆਯੁਸ਼ਮਾਨ ਭਾਰਤ – ਮੁਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਜਾਰੀ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਇਸ ਪ੍ਰਮੁੱਖ ਬੀਮਾ ਯੋਜਨਾ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਭਰ ਦੇ 900 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸੂਚੀਬੱਧ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਸਕੀਮ ਲਗਭਗ 1600 ਕਿਸਮਾਂ ਦੇ ਇਲਾਜਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ, ਜਿਸ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਰਤ-ਆਸਟ੍ਰੇਲੀਆ ‘ਚ ਕਈ ਸਮਝੌਤਿਆਂ ‘ਤੇ ਦਸਤਖ਼ਤ, PM ਮੋਦੀ ਬੋਲੇ- T20 ਮੋਡ ‘ਚ ਸਾਡੇ ਰਿਸ਼ਤੇ
ਉਨ੍ਹਾਂ ਦੱਸਿਆ ਕਿ ਭਲਕੇ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ (ਸੁਵਿਧਾ ਕੇਂਦਰ ਦੇ ਸਾਹਮਣੇ) ਅਤੇ ਐਸ.ਡੀ.ਐਮ. ਦਫ਼ਤਰ ਜਗਰਾਉਂ, ਰਾਏਕੋਟ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਕੀਮ ਅਧੀਨ ਮੁਫਤ ਸਿਹਤ ਇਲਾਜ ਕਰਵਾਉਣ ਲਈ ਆਪਣੇ ਲਾਭਪਾਤਰੀ ਕਾਰਡ ਪ੍ਰਾਪਤ ਕਰਨ। ਉਨ੍ਹਾਂ ਲਾਭਪਾਤਰੀਆਂ ਨੂੰ ਆਪਣੇ ਆਧਾਰ ਕਾਰਡ ਅਤੇ ਪਰਿਵਾਰ ਦਾ ਸਬੂਤ, ਪਰਿਵਾਰ ਘੋਸ਼ਣਾ ਫਾਰਮ, ਰਾਸ਼ਨ ਕਾਰਡ, ਲੇਬਰ ਕਾਰਡ ਆਦਿ ਸਮੇਤ ਦਸਤਾਵੇਜ਼ਾਂ ਨਾਲ ਲਿਆਉਣ ਲਈ ਵੀ ਕਿਹਾ।
ਇਸ ਦੌਰਾਨ, ਇਸ ਸਕੀਮ ਵਿੱਚ ਕਿਸਾਨ, ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਰਡ ਧਾਰਕ, ਰਜਿਸਟਰਡ ਵਰਕਰ, ਐਸ.ਈ.ਸੀ.ਸੀ. ਡੇਟਾ ਪਰਿਵਾਰ ਅਤੇ ਰਜਿਸਟਰਡ ਪੱਤਰਕਾਰ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: