ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ 41 ਸਾਲਾਂ ਬਾਅਦ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਿਆ ਹੈ। ਪੂਰੇ ਦੇਸ਼ ਦੇ ਨਾਲ -ਨਾਲ ਜਲੰਧਰ ਦੇ ਹਾਕੀ ਖਿਡਾਰੀਆਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਜਲੰਧਰ ਦੇ ਮਿੱਠਾਪੁਰ ਵਿੱਚ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਇਸ ਦੌਰਾਨ ਸਾਰਿਆਂ ਨੇ ਮਨਪ੍ਰੀਤ ਦੀ ਮਾਂ ਮਨਜੀਤ ਕੌਰ ਅਤੇ ਖਿਡਾਰੀ ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਮਾਂ ਨੂੰ ਵਧਾਈ ਦਿੱਤੀ ਹੈ। ਇਸ ਖੁਸ਼ੀ ਦੇ ਮੌਕੇ ਬਹੁਤ ਜ਼ਿਆਦਾ ਆਤਿਸ਼ਬਾਜ਼ੀ ਹੋਈ ਅਤੇ ਪ੍ਰਸ਼ੰਸਕਾਂ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਢੋਲ ਦੀ ਤਾਲ ‘ਤੇ ਭੰਗੜਾ ਵੀ ਪਾਇਆ। ਹਾਕੀ ਟੀਮ ਦੇ ਕਾਂਸੀ ਤਮਗਾ ਜਿੱਤਣ ਤੋਂ ਖੁਸ਼, ਵਰੁਣ ਦੇ ਪਿਤਾ ਬ੍ਰਹਮਾਨੰਦ ਅਤੇ ਮਾਂ ਸ਼ਕੁੰਤਲਾ ਨੇ ਕਿਹਾ ਕਿ ਹੁਣ ਉਹ ਪੁੱਟ ਦੇ ਵਾਪਿਸ ਆਉਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਬੇਟੇ ਨਾਲ ਵੀ ਗੱਲ ਕੀਤੀ ਅਤੇ ਕਿਹਾ ਕਿ ਉਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਹਾਕੀ ਟੀਮ ਨੂੰ ਫੋਨ ਕਰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਵਧਾਈਆਂ, ਸੁਣੋ ਕੀ ਕੋਚ ‘ਤੇ ਕਪਤਾਨ ਨੂੰ ਕੀ ਕਿਹਾ…
ਮਨਦੀਪ ਦੇ ਪਿਤਾ ਰਵਿੰਦਰ ਸਿੰਘ, ਮਾਂ ਦਵਿੰਦਰ ਕੌਰ ਅਤੇ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਨਦੀਪ ਨਾਲ ਫੋਨ ‘ਤੇ ਗੱਲ ਹੋਈ। ਉਹ ਬਹੁਤ ਭਾਵੁਕ ਸੀ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੇਟੇ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਹੁਣ ਅਸੀਂ ਉਸਦੀ ਵਾਪਸੀ ਦੀ ਉਡੀਕ ਕਰ ਰਹੇ ਹਾਂ ਤਾਂ ਜੋ ਅਸੀਂ ਖੁੱਲ੍ਹ ਕੇ ਜਸ਼ਨ ਮਨਾ ਸਕੀਏ। ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਆਪਣੇ ਪ੍ਰਦਰਸ਼ਨ ਨਾਲ ਨਾ ਸਿਰਫ ਕਾਂਸੀ ਦਾ ਤਗਮਾ ਜਿੱਤਿਆ ਬਲਕਿ ਸਾਰਿਆਂ ਦਾ ਦਿਲ ਵੀ ਜਿੱਤਿਆ ਹੈ। ਆਸਟ੍ਰੇਲੀਆ ਵਿਰੁੱਧ ਦੂਜੇ ਗਰੁੱਪ ਮੈਚ ਵਿੱਚ 1-7 ਦੀ ਕਰਾਰੀ ਹਾਰ ਦੇ ਬਾਵਜੂਦ ਭਾਰਤੀ ਟੀਮ ਬਾਕੀ ਚਾਰ ਗਰੁੱਪ ਮੈਚ ਜਿੱਤ ਕੇ ਦੂਜੇ ਸਥਾਨ ‘ਤੇ ਰਹੀ। ਸ਼ੁਰੂਆਤੀ ਤਿੰਨ ਕੁਆਰਟਰਾਂ ਵਿੱਚ ਸਖਤ ਮੁਕਾਬਲਾ ਦੇਣ ਦੇ ਬਾਵਜੂਦ ਟੀਮ ਵਿਸ਼ਵ ਚੈਂਪੀਅਨ ਬੈਲਜੀਅਮ ਤੋਂ ਸੈਮੀਫਾਈਨਲ ਵਿੱਚ 2-5 ਨਾਲ ਹਾਰ ਗਈ ਸੀ। ਭਾਰਤੀ ਟੀਮ ਨੇ 1980 ਦੇ ਮਾਸਕੋ ਓਲੰਪਿਕਸ ਵਿੱਚ ਸੋਨ ਤਗਮਾ ਜਿੱਤਣ ਦੇ 41 ਸਾਲ ਬਾਅਦ ਓਲੰਪਿਕ ਮੈਡਲ ਜਿੱਤਿਆ ਹੈ।
ਦੇਖੋ ਵੀਡੀਓ : ਜਿੱਤ ਪਿੱਛੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਦਾ ਮਾਹੌਲ, ਮਾਂ ਹੋਈ ਭਾਵੁਕ ਜਲੰਧਰ ਤੋਂ LIVE !