CSK vs RCB IPL 2020: ਆਈਪੀਐਲ ਦੇ 13ਵੇਂ ਸੀਜ਼ਨ ਦਾ 25ਵੇਂ ਮੈਚ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੇ ਨਾਮ ਰਿਹਾ। ਸ਼ਨੀਵਾਰ ਰਾਤ ਦੁਬਈ ਵਿੱਚ RCB ਨੇ ਚੇੱਨਈ ਸੁਪਰ ਕਿੰਗਜ਼ (CSK) ਨੂੰ 37 ਦੌੜਾਂ ਨਾਲ ਹਰਾਇਆ । 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਦੀ ਟੀਮ ਨਿਰਧਾਰਤ ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 132 ਦੌੜਾਂ ਹੀ ਬਣਾ ਸਕੀ । ਇਸਦੇ ਨਾਲ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਚੌਥੀ ਜਿੱਤ ਹਾਸਿਲ ਕੀਤੀ। ਹੁਣ ਉਹ 8 ਅੰਕੜਿਆਂ ਦੇ ਨਾਲ ਪੁਆਇੰਟ ਟੇਬਲ ਵਿੱਚ ਚੌਥੇ ਨੰਬਰ ‘ਤੇ ਹੈ। ਇਹ RCB ਲਈ ਛੇਵਾਂ ਮੈਚ ਸੀ ਤੇ ਉਥੇ ਹੀ ਦੂਜੇ ਪਾਸੇ ਚੇੱਨਈ ਸੁਪਰ ਕਿੰਗਜ਼ ਦੀ 5ਵੀਂ ਹਾਰ ਸੀ।
ਚੇੱਨਈ ਦੀ ਟੀਮ ਲਈ ਸ਼ੇਨ ਵਾਟਸਨ (14) ਤੋਂ ਇਲਾਵਾ ਫਾਫ ਡੁਪਲੈਸਿਸ (8), ਕਪਤਾਨ ਧੋਨੀ (10) ਵੀ ਬੱਲੇ ਨਾਲ ਨਾਕਾਮ ਰਹੇ। ਐੱਨ. ਜਗਦੀਸਨ (33) ਅਤੇ ਅੰਬਤੀ ਰਾਇਡੂ (42) ਦੀਆਂ ਕੋਸ਼ਿਸ਼ਾਂ ਵਿਅਰਥ ਗਈਆਂ । ਇਸ ਮੁਕਾਬਲੇ ਵਿੱਚ RCB ਵੱਲੋਂ ਆਫ ਸਪਿਨਰ ਵਾਸ਼ਿੰਗਟਨ ਨੇ ਦੋ ਵਿਕਟਾਂ ਲਈਆਂ । ਯੁਜਵੇਂਦਰ ਚਾਹਲ ਨੇ ਧੋਨੀ ਦਾ ਵਿਕਟ ਲਿਆ । ਇਸ ਵਾਰ ਪਹਿਲਾ ਮੈਚ ਖੇਡਣ ਵਾਲੇ ਕ੍ਰਿਸ ਮੌਰਿਸ ਨੂੰ ਤਿੰਨ ਸਫਲਤਾਵਾਂ ਪ੍ਰਾਪਤ ਹੋਈਆਂ ਤੇ ਈਸੁਰੂ ਉਡਾਨਾ ਨੇ ਇੱਕ ਵਿਕਟ ਹਾਸਿਲ ਕੀਤੀ।
ਦਰਅਸਲ, ਦੋਵੇਂ ਟੀਮਾਂ ਨੂੰ ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਦੋਵੇਂ ਹੀ ਜਿੱਤ ਲਈ ਬੇਚੈਨ ਸਨ। ਪਰ RCB ਨੂੰ ਸਫਲਤਾ ਮਿਲੀ। ਪਲੇਅ ਇਲੈਵਨ ਵਿੱਚ ਖੇਡਣ ਵਾਲੇ ਚੇੱਨਈ ਸੁਪਰ ਕਿੰਗਜ਼ ਲਈ ਅੰਬਾਤੀ ਰਾਇਡੂ (42 ਦੌੜਾਂ, 40 ਗੇਂਦਾਂ ਵਿੱਚ ਚਾਰ ਚੌਕੇ) ਅਤੇ ਤੀਜੇ ਵਿਕਟ ਲਈ 64 ਦੌੜਾਂ ਬਣਾਈਆਂ। ਪਰ ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿਕ ਕੇ ਖੇਡ ਨਹੀਂ ਸਕਿਆ।
ਉੱਥੇ ਹੀ ਦੂਜੇ ਪਾਸੇ ਜੇਕਰ ਰਾਇਲ ਚੈਲੇਂਜਰਜ਼ ਬੰਗਲੌਰ ਦੀ ਗੱਲ ਕੀਤੀ ਜਾਵੇ ਤਾਂ RCB ਨੇ ਕਪਤਾਨ ਵਿਰਾਟ ਕੋਹਲੀ ਦੀ ਨਾਬਾਦ 90 ਦੌੜਾਂ ਦੀ ਹਮਲਾਵਰ ਅਰਧ-ਸੈਂਕੜਾ ਦੀ ਮਦਦ ਨਾਲ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਬਣਾਈਆਂ । ਕੋਹਲੀ ਨੇ ਆਪਣੀ ਪਾਰੀ ਦੌਰਾਨ 52 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ਵਿੱਚ 4 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। ਸਲਾਮੀ ਬੱਲੇਬਾਜ਼ ਦੇਵਦੱਤ ਪਡਿਕਲ ਨੇ 34 ਗੇਂਦਾਂ ਵਿੱਚ 33 ਦੌੜਾਂ (ਦੋ ਚੌਕੇ ਅਤੇ ਇੱਕ ਛੱਕਾ) ਦਾ ਯੋਗਦਾਨ ਪਾਇਆ। ਕੋਹਲੀ ਨੇ ਪਡਿਕਲ ਨਾਲ ਦੂਜੇ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਫਿਰ ਸ਼ਿਵਮ ਦੂਬੇ (ਨਾਬਾਦ 22) ਨਾਲ ਪੰਜਵੇਂ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਕੀਤੀ।
ਦੱਸ ਦੇਈਏ ਕਿ ਕੋਹਲੀ ਨੇ 14ਵੇਂ ਓਵਰ ਦੀ ਦੂਜੀ ਗੇਂਦ ‘ਤੇ ਰਵਿੰਦਰ ਜਡੇਜਾ ਤੋਂ ਇੱਕ ਦੌੜ ਲੈ ਕੇ ਆਰਸੀਬੀ ਲਈ ਟੀ-20 ਵਿੱਚ 6000 ਦੌੜਾਂ ਪੂਰੀਆਂ ਕੀਤੀਆਂ। ਜਿਸ ਤੋਂ ਬਾਅਦ ਦੌੜਾ ਦੀ ਗਤੀ ਥੋੜੀ ਜਿਹੀ ਵਧਣ ਲੱਗੀ। ਕੋਹਲੀ ਨੇ ਅਗਲੇ ਓਵਰ ਦੀ ਸ਼ੁਰੂਆਤ ਸੈਮ ਕੁਰੇਨ ਦੀ ਗੇਂਦ ‘ਤੇ ਛੱਕਾ ਲਗਾ ਕੇ ਕੀਤੀ । ਪਰ ਕੁਰੇਨ ਨੇ ਇੱਕ ਗੇਂਦ ਤੋਂ ਬਾਅਦ ਸੁੰਦਰ ਨੂੰ ਵਿਕਟਕੀਪਰ ਧੋਨੀ ਦੇ ਹੱਥੋਂ ਕੈਚ ਆਊਟ ਕਰਵਾਇਆ, ਜਿਸ ਨੇ 10 ਗੇਂਦਾਂ ਵਿੱਚ ਇੱਕ ਛੱਕੇ ਦੀ ਮਦਦ ਨਾਲ ਇੱਕੋ ਜਿਹੀਆਂ ਦੌੜਾਂ ਬਣਾਈਆਂ।