Dhoni on CSK defeat: ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਲਗਾਤਾਰ ਤਿੰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਟੀਮ ਦੇ ਮਾੜੇ ਪ੍ਰਦਰਸ਼ਨ ਕਾਰਨ ਨਿਸ਼ਾਨੇ ‘ਤੇ ਹਨ। ਧੋਨੀ ਨੇ ਖ਼ੁਦ ਮੰਨਿਆ ਹੈ ਕਿ ਉਨ੍ਹਾਂ ਦੀ ਟੀਮ ਨੇ ਇਸ ਸੀਜ਼ਨ ਨੂੰ ਹੁਣ ਤੱਕ ਹਲਕੇ ਵਿੱਚ ਲਿਆ ਹੈ, ਜਿਸ ਕਾਰਨ CSK ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸ ਮੁਕਾਬਲੇ ਵਿੱਚ ਮਿਲੀ ਹਾਰ ਲਈ ਧੋਨੀ ਨੇ ਫੀਲਡਿੰਗ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਧੋਨੀ ਨੇ ਕਿਹਾ, “ਅਸੀਂ ਲਗਾਤਾਰ ਤਿੰਨ ਮੈਚ ਹਾਰ ਚੁੱਕੇ ਹਾਂ। ਅਸੀਂ ਕੈਚ ਨਹੀਂ ਫੜ ਰਹੇ, ਗੇਂਦਬਾਜ਼ੀ ਵਿੱਚ ਨੋ ਬਾਲ ਸੁੱਟ ਰਹੇ ਹਾਂ। ਅਸੀਂ ਬੜੇ ਆਰਾਮ ਵਿੱਚ ਚਲੇ ਗਏ ਅਤੇ ਇਸ ਦਾ ਨਤੀਜਾ ਸਾਨੂੰ ਭੁਗਤਣਾ ਪਿਆ ਹੈ।” ਧੋਨੀ ਦਾ ਮੰਨਣਾ ਹੈ ਕਿ ਮੈਚ ਦੀ ਸ਼ੁਰੂਆਤ ਵਧੀਆ ਹੋਈ ਸੀ। ਉਨ੍ਹਾਂ ਕਿਹਾ, “ਅਸੀਂ ਸ਼ੁਰੂਆਤ ਵਿੱਚ ਚੰਗੀ ਗੇਂਦਬਾਜ਼ੀ ਕੀਤੀ । ਅਸੀਂ ਆਖਰੀ ਓਵਰਾਂ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਦੇ ਸੀ। ਸਾਨੂੰ ਇਸ ਪੱਧਰ ‘ਤੇ ਸੁਧਾਰ ਕਰਨਾ ਪਵੇਗਾ ਅਤੇ ਅਸੀਂ ਹਰ ਮੈਚ ਵਿੱਚ ਕੈਚ ਨਹੀਂ ਛੱਡ ਸਕਦੇ।
ਧੋਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਟੀਮ ਟੂਰਨਾਮੈਂਟ ਵਿੱਚ ਵਾਪਸੀ ਕਰੇਗੀ। ਕਪਤਾਨ ਨੇ ਕਿਹਾ, “ਅਸੀਂ ਇਸ ਹਾਰ ਤੋਂ ਸਿੱਖਾਂਗੇ । ਆਪਣਾ ਬੈਸਟ ਦੇਣਾ ਮਹੱਤਵਪੂਰਣ ਹੈ। ਸਾਡੇ ਲਈ ਇਸ ਨਿਰਾਸ਼ਾ ਵਿੱਚ ਵੀ ਕੁਝ ਚੰਗਾ ਹੋਇਆ ਹੈ। ਵਾਪਸੀ ਕਰਨ ਲਈ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।” ਧੋਨੀ ਨੇ ਮੈਚ ਦੀ ਬੱਲੇਬਾਜ਼ੀ ਦੌਰਾਨ ਸੰਘਰਸ਼ ਕਰਨ ਦੀ ਗੱਲ ਨੂੰ ਸਵੀਕਾਰ ਕੀਤਾ ਹੈ । ਧੋਨੀ ਨੇ ਕਿਹਾ, “ਮੈਂ ਬੱਲੇ ਦੇ ਵਿਚਕਾਰੋਂ ਗੇਂਦ ਨਹੀਂ ਮਾਰ ਸਕਿਆ । ਪਾਰੀ ਦੌਰਾਨ ਬਹੁਤ ਥੱਕ ਵੀ ਗਿਆ ਸੀ। ਮੈਂ ਟੀਮ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ।”
ਦੱਸ ਦੇਈਏ ਕਿ ਆਈਪੀਐਲ 13 ਚੇੱਨਈ ਦੇ ਲਈ ਬਹੁਤ ਖਰਾਬ ਜਾ ਰਿਹਾ ਹੈ। ਇਸ ਸੀਜ਼ਨ ਵਿੱਚ ਜਿੱਤ ਨਾਲ ਆਗਾਜ਼ ਕਰਨ ਵਾਲੀ CSK ਲਗਾਤਾਰ ਤਿੰਨ ਮੈਚ ਹਾਰ ਗਈ ਹੈ। ਜਿਸ ਕਾਰਨ ਧੋਨੀ ਦੀ ਟੀਮ ਵੀ ਅੰਕ ਸੂਚੀ ਵਿੱਚ ਵੀ ਆਖਰੀ ਸਥਾਨ ‘ਤੇ ਹੈ।