Dwayne Bravo ruled out: ਚੇਨੱਈ ਸੁਪਰ ਕਿੰਗਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਸੱਟ ਲੱਗਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਜਿਸ ਨਾਲ ਪਲੇਆਫ਼ ਵਿੱਚ ਜਗ੍ਹਾ ਬਣਾਉਣ ਦੀ ਦੌੜ ਤੋਂ ਲਗਭਗ ਬਾਹਰ ਹੋ ਚੁੱਕੀ ਇਸ ਟੀਮ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। 37 ਸਾਲਾਂ ਦੇ ਬ੍ਰਾਵੋ ਕਈ ਸਾਲਾਂ ਤੋਂ ਸੁਪਰ ਕਿੰਗਜ਼ ਟੀਮ ਦਾ ਮਹੱਤਵਪੂਰਨ ਹਿੱਸਾ ਰਹੇ ਹਨ। ਉਹ 17 ਅਕਤੂਬਰ ਨੂੰ ਸ਼ਾਰਜਾਹ ਵਿੱਚ ਦਿੱਲੀ ਕੈਪਿਟਲਸ ਖ਼ਿਲਾਫ਼ ਆਖਰੀ ਓਵਰ ਵਿੱਚ ਗੇਂਦਬਾਜ਼ੀ ਕਰਨ ਵਿੱਚ ਅਸਮਰਥ ਸੀ ।
ਕਪਤਾਨ ਮਹਿੰਦਰ ਸਿੰਘ ਧੋਨੀ ਨੇ ਫਿਰ ਗੇਂਦ ਨੂੰ ਰਵਿੰਦਰ ਜਡੇਜਾ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਦੇ ਓਵਰ ਵਿੱਚ ਅਕਸ਼ਰ ਪਟੇਲ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਦਿੱਲੀ ਨੂੰ ਜਿੱਤ ਦਿਵਾਈ ਸੀ। ਸੁਪਰ ਕਿੰਗਜ਼ ਦੇ ਸੀਈਓ ਕਾਸ਼ੀ ਵਿਸ਼ਵਨਾਥਨ ਨੇ ਦੱਸਿਆ, ‘ਡਵੇਨ ਬ੍ਰਾਵੋ ਨੂੰ ਗ੍ਰੋਇਨ ਦੀ ਸੱਟ ਕਾਰਨ ਆਈਪੀਐਲ ਤੋਂ ਬਾਹਰ ਕਰ ਦਿੱਤਾ ਗਿਆ ਹੈ।’ ਬ੍ਰਾਵੋ ਸੁਪਰ ਕਿੰਗਜ਼ ਵੱਲੋਂ 6 ਮੈਚ ਅਤੇ 2 ਪਾਰੀਆਂ ਸਣੇ ਸੱਤ ਹੀ ਦੌੜਾਂ ਬਣਾ ਸਕੇ। ਉਨ੍ਹਾਂ ਨੇ ਛੇ ਵਿਕਟਾਂ ਲਈਆਂ ਅਤੇ ਇਸ ਦੌਰਾਨ 8.57 ਦੌੜਾਂ ਪ੍ਰਤੀ ਓਵਰ ਦੀ ਰਫ਼ਤਾਰ ਨਾਲ ਦੌੜਾਂ ਦਿੱਤੀਆਂ।
ਦੱਸ ਦੇਈਏ ਕਿ ਸੁਪਰ ਕਿੰਗਜ਼ ਦੀ ਟੀਮ 10 ਮੈਚਾਂ ਵਿੱਚ ਸੱਤ ਹਾਰਾਂ ਨਾਲ ਪਲੇਆਫ ਦੀ ਦੌੜ ਵਿੱਚੋਂ ਲਗਭਗ ਬਾਹਰ ਹੋ ਗਈ ਹੈ ਅਤੇ ਫਿਲਹਾਲ ਪੁਆਇੰਟ ਟੇਬਲ ਵਿੱਚ ਆਕਲਹਰਿ ਸਥਾਨ ‘ਤੇ ਹੈ। ਇਸ ਤੋਂ ਪਹਿਲਾਂ ਸੁਪਰ ਕਿੰਗਜ਼ ਦੇ ਸੀਨੀਅਰ ਖਿਡਾਰੀ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਮੌਜੂਦਾ ਟੂਰਨਾਮੈਂਟ ਵਿੱਚ ਨਾ ਖੇਡਣ ਦਾ ਫੈਸਲਾ ਕੀਤਾ, ਜਿਸ ਨਾਲ ਟੀਮ ਕਮਜ਼ੋਰ ਹੋ ਗਈ । ਟੀਮ ਨੂੰ ਕਪਤਾਨ ਧੋਨੀ ਅਤੇ ਕੇਦਾਰ ਜਾਧਵ ਵਰਗੇ ਸੀਨੀਅਰ ਖਿਡਾਰੀਆਂ ਦੇ ਖਰਾਬ ਫਾਰਮ ਦਾ ਅੰਜ਼ਾਮ ਵੀ ਭੁਗਤਣਾ ਪਿਆ ਹੈ।