IPL 2020 CSK vs SRH: ਆਈਪੀਐਲ ਦੇ 13ਵੇਂ ਸੀਜ਼ਨ ਦੇ 29ਵੇਂ ਮੁਕਾਬਲੇ ਵਿੱਚ ਚੇਨੱਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੀਆਂ ਟੀਮਾਂ ਟੱਕਰ ਲੈਣਗੀਆਂ । ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਨੂੰ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣਾ ਹੈ ਤਾਂ ਉਸ ਨੂੰ ਹੈਦਰਾਬਾਦ ਖਿਲਾਫ ਮੈਚ ਤੋਂ ਜ਼ਬਰਦਸਤ ਵਾਪਸੀ ਕਰਨੀ ਪਵੇਗੀ। ਇਹ ਮੈਚ ਮੰਗਲਵਾਰ ਨੂੰ ਦੁਬਈ ਵਿੱਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਤਿੰਨ ਵਾਰ ਦੇ ਚੈਂਪੀਅਨ ਅਤੇ ਆਖਰੀ ਵਾਰ ਦੇ ਉਪ ਜੇਤੂ ਚੇੱਨਈ ਨੇ ਹੁਣ ਤੱਕ 7 ਮੈਚਾਂ ਵਿੱਚੋਂ 5 ਵਿੱਚ ਹਾਰ ਦਾ ਸਾਹਮਣਾ ਕੀਤਾ ਹੈ ਅਤੇ ਹੁਣ ਉਹ ਜਿੱਤ ਦੀ ਰਾਹ ‘ਤੇ ਵਾਪਸੀ ਲਈ ਬੇਚੈਨ ਹੈ। ਉਹ ਇਸ ਵੇਲੇ 8 ਟੀਮਾਂ ਦੀ ਸੂਚੀ ਵਿੱਚ 7 ਵੇਂ ਨੰਬਰ ‘ਤੇ ਹੈ।
CSK vs SRH : ਕੀ ਕਹਿੰਦੇ ਹਨ ਅੰਕੜੇ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਚੇੱਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੁਣ ਤੱਕ 13 ਮੈਚ (2013-2019) ਹੋ ਚੁੱਕੇ ਹਨ । ਚੇੱਨਈ ਨੇ 9 ਅਤੇ ਹੈਦਰਾਬਾਦ ਨੇ 4 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਪਿਛਲੇ ਮੈਚ ਵਿੱਚ ਧੋਨੀ ਦੀ ਟੀਮ ਸਨਰਾਈਜ਼ਰਜ਼ ਤੋਂ 7 ਦੌੜਾਂ ਨਾਲ ਹਾਰ ਗਈ ਸੀ । ਆਈਪੀਐਲ ਦੇ ਇਤਿਹਾਸ ਵਿੱਚ ਚੇੱਨਈ ਨੂੰ ਟੀਚੇ ਦਾ ਪਿੱਛਾ ਕਰਨ ਲਈ ਸਰਬੋਤਮ ਟੀਮ ਮੰਨਿਆ ਜਾਂਦਾ ਹੈ, ਪਰ ਇਸ ਸਾਲ ਹੁਣ ਤੱਕ ਇਸਦੇ ਬੱਲੇਬਾਜ਼ ਅਸਫਲ ਰਹੇ ਹਨ। ਟੀਚੇ ਦਾ ਪਿੱਛਾ ਕਰਦਿਆਂ ਉਸ ਨੂੰ ਪੰਜ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੇਨ ਵਾਟਸਨ ਅਤੇ ਫਾਫ ਡੁਪਲੈਸਿਸ ਨੇ ਚੋਟੀ ਦੇ ਕ੍ਰਮ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਪਰ ਮਿਡਲ ਆਰਡਰ ਨੂੰ ਹੁਣ ਬਿਹਤਰ ਖੇਡਣਾ ਹੋਵੇਗਾ।
ਕੇਦਾਰ ਜਾਧਵ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਚੇੱਨਈ ਨੇ ਉਸ ਨੂੰ ਆਖਰੀ ਮੈਚ ਵਿੱਚ ਬਾਹਰ ਕਰ ਦਿੱਤਾ ਅਤੇ ਉਸ ਦੀ ਜਗ੍ਹਾ ਨਾਰਾਇਣ ਜਗਾਦੀਸ਼ਨ ਨੂੰ ਚੁਣਿਆ, ਜਿਸ ਨੇ 28 ਗੇਂਦਾਂ ਵਿੱਚ 33 ਦੌੜਾਂ ਬਣਾਈਆਂ ਅਤੇ ਅੰਬਾਤੀ ਰਾਇਡੂ (40 ਗੇਂਦਾਂ ਵਿਚ 42) ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ । ਦੋਵਾਂ ਦੇ ਆਊਟ ਹੋਣ ਤੋਂ ਬਾਅਦ ਚੇੱਨਈ ਦੀ ਬੱਲੇਬਾਜ਼ੀ ਬਿਖਰ ਗਈ। ਸੈਮ ਕੁਰੈਨ, ਰਵਿੰਦਰ ਜਡੇਜਾ ਅਤੇ ਡਵੇਨ ਬ੍ਰਾਵੋ ਵੀ ਬੱਲੇਬਾਜ਼ੀ ਕਰਨ ਵਿੱਚ ਅਸਫਲ ਰਹੇ । ਧੋਨੀ ਵੀ ਉਮੀਦ ਅਨੁਸਾਰ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੇ। ਕਪਤਾਨ ਨੇ ਬਾਅਦ ਵਿੱਚ ਇਹ ਵੀ ਮੰਨਿਆ ਕਿ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਜੇ ਉਹ ਹੋਰ ਮੈਚ ਜਿੱਤਣਾ ਚਾਹੁੰਦੇ ਹਨ। ਧੋਨੀ ਨੇ ਕਿਹਾ, “ਬੱਲੇਬਾਜ਼ੀ ਚਿੰਤਾ ਦਾ ਵਿਸ਼ਾ ਹੈ। ਸਾਨੂੰ ਇਸ ਬਾਰੇ ਕੁਝ ਕਰਨ ਦੀ ਲੋੜ ਹੈ। ‘
ਉੱਥੇ ਹੀ ਦੂਜੇ ਪਾਸੇ ਸਨਰਾਈਜ਼ਰਸ ਦੀ ਹਾਲਤ ਵੀ ਬਹੁਤ ਚੰਗੀ ਨਹੀਂ ਹੈ। ਉਸਨੇ 7 ਮੈਚਾਂ ਵਿਚੋਂ ਤਿੰਨ ਮੈਚ ਜਿੱਤੇ ਹਨ ਅਤੇ ਉਹ ਪੁਆਇੰਟ ਟੇਬਲ ਵਿੱਚ ਪੰਜਵੇਂ ਸਥਾਨ ‘ਤੇ ਹੈ। ਐਤਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਪੰਜ ਵਿਕਟਾਂ ਦੀ ਹਾਰ ਨਾਲ ਟੀਮ ਨੂੰ ਨੁਕਸਾਨ ਪਹੁੰਚਿਆ ਕਿਉਂਕਿ ਉਨ੍ਹਾਂ ਨੇ ਚਾਰ ਵਿਕਟਾਂ ’ਤੇ 158 ਦੌੜਾਂ ਬਣਾਉਣ ਤੋਂ ਬਾਅਦ ਮੈਚ ‘ਤੇ ਚੰਗਾ ਕੰਟਰੋਲ ਬਣਾਇਆ ਹੋਇਆ ਸੀ । ਬੱਲੇਬਾਜ਼ੀ ਸਨਰਾਈਜ਼ਰਜ਼ ਲਈ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ ਕਿਉਂਕਿ ਜੌਨੀ ਬੇਅਰਸਟੋ, ਕਪਤਾਨ ਡੇਵਿਡ ਵਾਰਨਰ, ਮਨੀਸ਼ ਪਾਂਡੇ ਅਤੇ ਕੇਨ ਵਿਲੀਅਮਸਨ ਲਗਾਤਾਰ ਵਧੀਆ ਸਕੋਰ ਕਰ ਰਹੇ ਹਨ ਅਤੇ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ। ਗੇਂਦਬਾਜ਼ੀ ਇਸ ਦਾ ਕਮਜ਼ੋਰ ਪੱਖ ਬਣ ਗਿਆ ਹੈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਗਵਾਉਣ ਤੋਂ ਬਾਅਦ ਸਨਰਾਈਜ਼ਰਜ਼ ਦੀ ਗੇਂਦਬਾਜ਼ੀ ਕਮਜ਼ੋਰ ਹੋ ਗਈ ਹੈ। ਹਾਲਾਂਕਿ ਲੈੱਗ ਸਪਿਨਰ ਰਾਸ਼ਿਦ ਖਾਨ ਅਤੇ ਯੌਰਕਰ ਮਾਹਰ ਟੀ ਨਟਰਾਜਨ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ। ਪਰ ਸੰਦੀਪ ਸ਼ਰਮਾ, ਖਲੀਲ ਅਹਿਮਦ ਅਤੇ ਨੌਜਵਾਨ ਅਭਿਸ਼ੇਕ ਸ਼ਰਮਾ ਆਪਣੀ ਗੇਂਦਬਾਜ਼ੀ ਇਕਾਈ ਦੀ ਕਮਜ਼ੋਰ ਕੜੀ ਸਾਬਿਤ ਹੋਏ ਹਨ।
ਸੰਭਾਵਿਤ ਟੀਮਾਂ ਇਸ ਤਰਾਂ ਹਨ:
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੁੰਗੀ ਨਾਗੀਦੀ, ਦੀਪਕ ਚਾਹਰ, ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੇਂਟਰ, ਜੋਸ਼ ਹੇਜ਼ਲਵੁੱਡ , ਸ਼ਾਰਦੁਲ ਠਾਕੁਰ, ਸੈਮ ਕਰੀਨ, ਐਨ ਜਗਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ, ਕਰਨ ਸ਼ਰਮਾ।
ਸਨਰਾਈਜ਼ਰਸ ਹੈਦਰਾਬਾਦ: ਡੇਵਿਡ ਵਾਰਨਰ (ਕਪਤਾਨ), ਜੌਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰੀਅਮ ਗਰਗ, ਰਿਧੀਮਾਨ ਸਾਹਾ, ਅਬਦੁੱਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਜੇਸਨ ਹੋਲਡਰ, ਅਭਿਸ਼ੇਕ ਸ਼ਰਮਾ, ਬੀ ਸੰਦੀਪ ਸ਼ਰਮਾ, ਸੰਜੇ ਯਾਦਵ, ਫੈਬੀਅਨ ਐਲਨ, ਪ੍ਰਿਥਵੀ ਰਾਜ ਯਾਰਾ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ, ਬਿਲੀ ਸਟੈਨਲੇਕ, ਟੀ ਨਟਰਾਜਨ, ਬਾਸਿਲ ਥੰਪੀ।