IPL 2020 playoffs race: ਐਤਵਾਰ ਰਾਤ ਆਈਪੀਐਲ 2020 ਵਿੱਚ ਰਾਜਸਥਾਨ ਰਾਇਲਜ਼ ਦੀ ਮੁੰਬਈ ਇੰਡੀਅਨਜ਼ ‘ਤੇ ਜਿੱਤ ਨਾਲ ਚੇੱਨਈ ਸੁਪਰ ਕਿੰਗਜ਼ ਦੇ ‘ਪਲੇਅ ਆਫ’ ਵਿੱਚ ਜਾਣ ਦੀਆਂ ਸੰਭਾਵਨਾਵਾਂ ਪੂਰੀ ਤਰ੍ਹਾਂ ਖਤਮ ਹੋ ਗਈਆਂ ਹਨ । ਇਸ ਦੀਆਂ ਉਮੀਦਾਂ ਤਾਂ 23 ਅਕਤੂਬਰ ਨੂੰ ਖ਼ਤਮ ਹੋ ਗਈਆਂ ਸਨ, ਜਦੋਂ ਉਸ ਨੂੰ ਮੁੰਬਈ ਇੰਡੀਅਨਜ਼ ਨੇ 10 ਵਿਕਟਾਂ ਨਾਲ ਹਰਾਇਆ ਸੀ। ਐਤਵਾਰ ਨੂੰ ਹੋਏ ਮੁਕਾਬਲੇ ਵਿੱਚ ਚੇੱਨਈ ਦੀ ਟੀਮ ਰਾਇਲ ਚੈਲੇਂਜਰਜ਼ ਬੰਗਲੌਰ ਖਿਲਾਫ 8 ਵਿਕਟਾਂ ਨਾਲ ਜਿੱਤ ਕੇ 7ਵੇਂ ਸਥਾਨ ‘ਤੇ ਆ ਗਈ ਸੀ ਅਤੇ ਬਾਕੀ ਬਚੇ ਦੋ ਮੈਚਾਂ ਨੂੰ ਵੱਡੇ ਫਰਕ ਨਾਲ ਜਿੱਤਣ ਤੋਂ ਬਾਅਦ ਅਗਰ-ਮਾਗਰ ਨਾਲ ਪਲੇਅ ਆਫ ਦੀ ਉਮੀਦ ਸਾਹਮਣੇ ਆ ਰਹੀ ਸੀ। ਪਰ ਰਾਤ ਵਿੱਚ ਰਾਜਸਥਾਨ ਦੇ ਜਿੱਤਦਿਆਂ ਹੀ ਚੇੱਨਈ ਦੀਆਂ ਉਮੀਦਾਂ ਖਤਮ ਹੋ ਗਈਆਂ।
ਦਰਅਸਲ, ਇਸ ਲੀਗ ਵਿੱਚ CSK ਨੇ 12 ਮੈਚ ਖੇਡੇ ਹਨ ਅਤੇ 8 ਮੈਚ ਹਾਰੇ ਹਨ। ਪੁਆਇੰਟ ਟੇਬਲ ਵਿੱਚ ਚੇੱਨਈ ਦੇ ਫਿਲਹਾਲ 8 ਅੰਕ ਹਨ ਅਤੇ ਉਸਦੇ ਦੋ ਮੈਚ ਬਾਕੀ ਹਨ। ਜੇ ਉਹ ਆਪਣੇ ਦੋ ਮੈਚ ਜਿੱਤ ਵੀ ਜਾਂਦੀ ਹੈ ਤਾਂ ਉਸ ਦੇ ਅੰਕ 12 ਰਹਿਣਗੇ । ਜੇ ਰਾਜਸਥਾਨ ਦੀ ਟੀਮ ਮੁੰਬਈ ਖਿਲਾਫ ਆਪਣਾ ਮੈਚ ਹਾਰ ਜਾਂਦੀ, ਤਾਂ ਉਨ੍ਹਾਂ ਦੇ 8 ਅੰਕ ਹੁੰਦੇ, ਅਜਿਹੀ ਸਥਿਤੀ ਵਿੱਚ ਚੇੱਨਈ ਦਾ ਪਲੇਆਫ ਲਈ ਦੂਜੀ ਟੀਮਾਂ ‘ਤੇ ਨਿਰਭਰ ਹੋਣਾ ਸੀ, ਪਰ ਅਜਿਹਾ ਨਹੀਂ ਹੋ ਸਕਿਆ।
ਚੇੱਨਈ ਦੀ ਟੀਮ ਇਸ ਤੋਂ ਪਹਿਲਾਂ ਤੱਕ ਆਈਪੀਐਲ ਵਿੱਚ ਜਦੋਂ ਵੀ ਖੇਡੀ ਹੈ, ਪਲੇਅ ਆਫ ਤੱਕ ਜਰੂਰ ਪਹੁੰਚੀ, ਪਰ ਇਸ ਵਾਰ ਉਹ ਕੋਈ ਕਾਰਨਾਮਾ ਨਹੀਂ ਕਰ ਸਕੀ। ਉਹ ਤਿੰਨ ਵਾਰ ਦੀ ਵਿਜੇਤਾ ਅਤੇ ਪੰਜ ਵਾਰ ਦੀ ਉਪ ਜੇਤੂ ਹੈ। ਆਈਪੀਐਲ ਦੇ 13 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਚੇੱਨਈ ਪਲੇਅ ਆਫ ਦੀ ਦੌੜ ਤੋਂ ਬਾਹਰ ਹੋਈ।
ਇੱਥੇ ਜੇਕਰ ਪੁਆਇੰਟ ਟੇਬਲ ਨੂੰ ਦੇਖਿਆ ਜਾਵੇ ਤਾਂ ਮੁੰਬਈ ਨੇ 11 ਮੈਚ ਖੇਡੇ ਹਨ ਅਤੇ 7 ਜਿੱਤੇ ਹਨ, ਮੁੰਬਈ 14 ਅੰਕਾਂ ਨਾਲ ਚੋਟੀ ‘ਤੇ ਹੈ। ਇਸ ਦੇ ਨਾਲ ਹੀ ਦਿੱਲੀ ਵੀ ਬਹੁਤ ਸਾਰੇ ਅੰਕ ਅਤੇ ਮੈਚਾਂ ਨਾਲ ਦੂਜੇ ਸਥਾਨ ‘ਤੇ ਹੈ। ਆਰਸੀਬੀ ਤੀਜੇ ਸਥਾਨ ‘ਤੇ ਹੈ । ਉਸ ਨੇ ਵੀ 11 ਮੈਚ ਖੇਡੇ ਹਨ ਅਤੇ 14 ਅੰਕਾਂ ਨਾਲ ਤੀਜੇ ਨੰਬਰ ‘ਤੇ ਹੈ। ਚੌਥੇ ਸਥਾਨ ਲਈ ਕੋਲਕਾਤਾ, ਪੰਜਾਬ, ਰਾਜਸਥਾਨ ਅਤੇ ਹੈਦਰਾਬਾਦ ਵਿਚਾਲੇ ਟੱਕਰ ਹੈ । ਪੰਜਾਬ, ਹੈਦਰਾਬਾਦ ਅਤੇ ਕੋਲਕਾਤਾ ਵਿੱਚ ਅਜੇ ਵੀ ਤਿੰਨ ਮੈਚ ਬਾਕੀ ਹਨ ਅਤੇ ਤਿੰਨੋਂ ਅੰਕ ਦੇ ਲਿਹਾਜ਼ ਨਾਲ ਚੇੱਨਈ ਤੋਂ ਅੱਗੇ ਹਨ।