19 ਫਰਵਰੀ ਤੋਂ ਸ਼ੁਰੂ ਹੋ ਰਹੀ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਬੁਮਰਾਹ ਅਜੇ ਵੀ ਆਪਣੀ ਪੁਰਾਣੀ ਪਿੱਠ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ, ਜਿਸ ਕਾਰਨ ਉਹ ਟੀਮ ਦਾ ਹਿੱਸਾ ਨਹੀਂ ਬਣ ਸਕੇਗਾ। ਉਸ ਨੂੰ ਇਹ ਸੱਟ ਜਨਵਰੀ ‘ਚ ਸਿਡਨੀ ਟੈਸਟ ਦੌਰਾਨ ਲੱਗੀ ਸੀ, ਜਿਸ ਤੋਂ ਉਭਰਨ ‘ਚ ਉਸ ਨੂੰ ਹੋਰ ਸਮਾਂ ਲੱਗੇਗਾ। ਇਸ ਸੱਟ ਕਾਰਨ ਉਹ ਇੰਗਲੈਂਡ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਤੋਂ ਵੀ ਬਾਹਰ ਹੋ ਗਿਆ ਸੀ।
BCCI ਦੀ ਮੈਡੀਕਲ ਟੀਮ ਜਸਪ੍ਰੀਤ ਬੁਮਰਾਹ ਦੀ ਸਿਹਤਯਾਬੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਹਾਲ ਹੀ ‘ਚ ਬੈਂਗਲੁਰੂ ‘ਚ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ, ਜਿਸ ‘ਚ ਕੋਈ ਗੰਭੀਰ ਸਮੱਸਿਆ ਸਾਹਮਣੇ ਨਹੀਂ ਆਈ ਪਰ ਉਹ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਉਸ ਨੂੰ ਗੇਂਦਬਾਜ਼ੀ ਸ਼ੁਰੂ ਕਰਨ ਲਈ ਕੁਝ ਹੋਰ ਸਮਾਂ ਚਾਹੀਦਾ ਹੈ। ਅਜਿਹੇ ‘ਚ ਟੀਮ ਮੈਨੇਜਮੈਂਟ ਨੇ ਉਸ ਦੀ ਥਾਂ ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜਸਪ੍ਰੀਤ ਬੁਮਰਾਹ ਸੱਟ ਕਾਰਨ ਆਈਸੀਸੀ ਦੇ ਕਿਸੇ ਵੱਡੇ ਟੂਰਨਾਮੈਂਟ ਤੋਂ ਬਾਹਰ ਹੋਇਆ ਹੋਵੇ। ਉਹ ਪਿੱਠ ਦੀ ਸੱਟ ਕਾਰਨ 2022 ਵਿੱਚ ਆਸਟਰੇਲੀਆ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿੱਚ ਵੀ ਨਹੀਂ ਖੇਡ ਸਕਿਆ ਸੀ। ਉਸ ਸਮੇਂ ਉਸ ਦੀ ਸਰਜਰੀ ਕਰਨੀ ਪਈ ਸੀ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਮੈਦਾਨ ਤੋਂ ਦੂਰ ਰਹਿਣਾ ਪਿਆ ਸੀ। ਇਸ ਵਾਰ ਵੀ ਉਸ ਦੀ ਵਾਪਸੀ ਲਈ ਕੋਈ ਖਾਸ ਸਮਾਂ ਤੈਅ ਨਹੀਂ ਕੀਤਾ ਗਿਆ ਹੈ ਪਰ ਸੰਭਾਵਨਾ ਹੈ ਕਿ ਉਹ ਜਲਦੀ ਹੀ ਦੌੜਨਾ ਸ਼ੁਰੂ ਕਰ ਦੇਵੇਗਾ ਅਤੇ ਫਿਰ ਹੌਲੀ-ਹੌਲੀ ਗੇਂਦਬਾਜ਼ੀ ‘ਚ ਵਾਪਸੀ ਕਰੇਗਾ।
ਟੀਮ ‘ਚ ਬਦਲਾਅ: ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ ਨੂੰ ਮੌਕਾ
ICC ਨੇ ਸਾਰੀਆਂ ਟੀਮਾਂ ਨੂੰ ਆਪਣੀ ਅੰਤਿਮ 15 ਮੈਂਬਰੀ ਟੀਮ ਦਾ ਐਲਾਨ ਕਰਨ ਲਈ 11 ਫਰਵਰੀ ਦੀ ਸਮਾਂ ਸੀਮਾ ਦਿੱਤੀ ਸੀ। ਇਸ ਤੋਂ ਬਾਅਦ ਕਿਸੇ ਵੀ ਬਦਲਾਅ ਨੂੰ ਆਈਸੀਸੀ ਟੈਕਨੀਕਲ ਕਮੇਟੀ ਤੋਂ ਮਨਜ਼ੂਰੀ ਲੈਣੀ ਪਵੇਗੀ। ਬੁਮਰਾਹ ਦੀ ਗੈਰ-ਮੌਜੂਦਗੀ ‘ਚ ਸਿਲੈਕਟਰਸ ਨੇ ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਟੀਮ ‘ਚ ਜਗ੍ਹਾ ਦਿੱਤੀ ਹੈ। ਹਰਸ਼ਿਤ ਨੇ ਹਾਲ ਹੀ ‘ਚ ਇੰਗਲੈਂਡ ਦੇ ਖਿਲਾਫ ਵਨਡੇ ‘ਚ ਡੈਬਿਊ ਕੀਤਾ ਸੀ ਅਤੇ ਉਸ ਦੇ ਪ੍ਰਦਰਸ਼ਨ ਤੋਂ ਕਾਫੀ ਪ੍ਰਭਾਵਿਤ ਹੋਏ ਸਨ।
ਇਸ ਤੋਂ ਇਲਾਵਾ ਟੀਮ ਇੰਡੀਆ ‘ਚ ਇਕ ਹੋਰ ਬਦਲਾਅ ਕੀਤਾ ਗਿਆ ਹੈ। ਨੌਜਵਾਨ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਅੰਤਿਮ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ ਸਪਿਨਰ ਵਰੁਣ ਚੱਕਰਵਰਤੀ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਵਰੁਣ ਚੱਕਰਵਰਤੀ ਆਪਣੇ ਰਹੱਸਮਈ ਗੇਂਦਬਾਜ਼ੀ ਐਕਸ਼ਨ ਲਈ ਜਾਣੇ ਜਾਂਦੇ ਹਨ ਅਤੇ ਉਸ ਦੀ ਮੌਜੂਦਗੀ ਟੀਮ ਨੂੰ ਵਾਧੂ ਸਪਿਨ ਵਿਕਲਪ ਪ੍ਰਦਾਨ ਕਰੇਗੀ।
ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ
ਕਪਤਾਨ: ਰੋਹਿਤ ਸ਼ਰਮਾ
ਉਪ ਕਪਤਾਨ: ਸ਼ੁਭਮਨ ਗਿੱਲ
ਹੋਰ ਖਿਡਾਰੀ: ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕੇਟ), ਰਿਸ਼ਭ ਪੰਤ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਰਵਿੰਦਰ ਜਡੇਜਾ, ਵਰੁਣ ਚੱਕਰਵਰਤੀ।
ਇਹ ਵੀ ਪੜ੍ਹੋ : 6 ਬੰਦਿਆਂ ਨਾਲ ਭਰੀ ਸਕਾਰਪੀਓ ਗੱਡੀ ਡਿੱ/ਗੀ ਸਰਹਿੰਦ ਨਹਿਰ ‘ਚ, ਕਾਰਗਿਲ ਦਾ ਫੌਜੀ ਬਣਿਆ ਮਸੀਹਾ
ਭਾਰਤੀ ਟੀਮ ਹੁਣ ਜਸਪ੍ਰੀਤ ਬੁਮਰਾਹ ਦੇ ਇਲਾਵਾ ਚੈਂਪੀਅਨਸ ਟਰਾਫੀ ਵਿੱਚ ਮੈਦਾਨ ਵਿੱਚ ਉਤਰੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਸ ਦੀ ਗੈਰ-ਮੌਜੂਦਗੀ ‘ਚ ਗੇਂਦਬਾਜ਼ੀ ਹਮਲਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਨਵੇਂ ਖਿਡਾਰੀਆਂ ਨੂੰ ਕਿੰਨਾ ਮੌਕਾ ਮਿਲਦਾ ਹੈ।
ਵੀਡੀਓ ਲਈ ਕਲਿੱਕ ਕਰੋ -:
