MS Dhoni records 100 wins: ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇੱਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਨੂੰ ਅਬੂ ਧਾਬੀ ਵਿੱਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (IPL) 2020 ਦੇ ਉਦਘਾਟਨ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਅਤੇ ਆਪਣੇ ਨਾਮ ਇੱਕ ਵਿਸ਼ੇਸ਼ ਰਿਕਾਰਡ ਦਰਜ ਕੀਤਾ । ਦਰਅਸਲ, ਇਸ ਜਿੱਤ ਦੇ ਨਾਲ ਹੀ ਧੋਨੀ ਨੇ ਬਤੌਰ ਕਪਤਾਨ CSK ਲਈ 100 ਮੈਚ ਜਿੱਤਣ ਦਾ ਰਿਕਾਰਡ ਬਣਾਇਆ ਹੈ।
ਜੇਕਰ ਸ਼ਨੀਵਾਰ ਦੇ ਮੈਚ ਨੂੰ ਛੱਡ ਦਿੱਤਾ ਜਾਵੇ ਤਾਂ ਚੇੱਨਈ ਸੁਪਰ ਕਿੰਗਜ਼ ਨੇ ਧੋਨੀ ਦੀ ਕਪਤਾਨੀ ਵਿੱਚ ਪਹਿਲਾਂ 99 ਮੈਚ ਜਿੱਤੇ ਸਨ, ਜਦੋਂ ਕਿ ਉਨ੍ਹਾਂ ਨੇ 5 ਮੈਚ ਰਾਈਜ਼ਿੰਗ ਪੁਣੇ ਜਾਇੰਟਸ ਨੂੰ ਜਿਤਾਏ ਹਨ। ਆਈਪੀਐਲ 2020 ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾਉਣ ਤੋਂ ਬਾਅਦ ਧੋਨੀ ਨੇ CSK ਦੇ ਕਪਤਾਨ ਵਜੋਂ 100 ਮੈਚ ਜਿੱਤਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ।
ਬੇਸ਼ੱਕ ਧੋਨੀ ਨੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਤੋਂ ਘੱਟ IPL ਦੀਆਂ ਟਰਾਫੀਆਂ ਜਿੱਤੀਆਂ ਹਨ, ਪਰ ਜਦੋਂ ਸਭ ਤੋਂ ਜ਼ਿਆਦਾ ਮੈਚ ਜਿੱਤਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦਾ ਇਸ ਮਾਮਲੇ ਵਿੱਚ ਕੋਈ ਮੇਲ ਨਹੀਂ ਹੁੰਦਾ। ਧੋਨੀ ਨੇ ਆਪਣੀ ਕਪਤਾਨੀ ਵਿੱਚ 105 IPL ਮੈਚ ਜਿੱਤੇ ਹਨ ਜੋ ਕਿ ਇੱਕ ਰਿਕਾਰਡ ਹੈ। ਉਹ 100 ਤੋਂ ਵੱਧ IPL ਮੈਚ ਜਿੱਤਣ ਵਾਲੇ ਇਕਲੌਤੇ ਕਪਤਾਨ ਬਣ ਗਏ ਹਨ।
ਪਿਛਲੇ ਸਾਲ ਵਿਸ਼ਵ ਕੱਪ ਟੀਮ ਵਿਚ ਨਾ ਚੁਣੇ ਜਾਣ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਅੰਬਤੀ ਰਾਇਡੂ ਦੀ ਸ਼ਾਨਦਾਰ ਪਾਰੀ ਅਤੇ ਫਾਫ ਡੁਪਲਸੀ ਨਾਲ ਉਸਦੀ ਸਾਂਝੇਦਾਰੀ ਨਾਲ ਚੇੱਨਈ ਸੁਪਰ ਕਿੰਗਜ਼ ਨੇ ਸ਼ਨੀਵਾਰ ਨੂੰ IPL ਦੇ 13ਵੇਂ ਸੀਜ਼ਨ ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਤੇ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ।
ਦੱਸ ਦੇਈਏ ਕਿ ਚੇੱਨਈ ਵੱਲੋਂ ਖੇਡਦੇ ਹੋਏ ਰਾਇਡੂ ਨੇ 48 ਗੇਂਦਾਂ ‘ਤੇ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 71 ਦੌੜਾਂ ਬਣਾਈਆਂ ਅਤੇ ਫਾਫ ਡੁਪਲੇਸੀ ਨਾਲ ਤੀਜੇ ਵਿਕਟ ਦੇ ਲਈ 115 ਦੌੜਾਂ ਜੋੜ ਕੇ ਚੇੱਨਈ ਨੂੰ ਖਰਾਬ ਸ਼ੁਰੂਆਤ ਉਭਾਰਿਆ । ਅੰਤਮ ਪਲਾਂ ਵਿੱਚ ਸੈਮ ਕਰੀਨ ਨੇ ਦੋ ਛੱਕਿਆਂ ਦੀ ਮਦਦ ਨਾਲ 18 ਦੌੜਾਂ ਬਣਾਈਆਂ ਤੇ ਚੇੱਨਈ ਨੇ 19.2 ਓਵਰਾਂ ਵਿੱਚ ਪੰਜ ਵਿਕਟਾਂ ’ਤੇ 166 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ।