ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੂੰ ਚੈਂਪੀਅਨਜ਼ ਟ੍ਰਾਫੀ 2025 ਦੀ ਮੇਜ਼ਬਾਨੀ ਦੇ ਅਧਿਕਾਰਾਂ ਦੇ ਕਰਾਰ ਲਈ ਉਸ ਨਾਲ ਸਮਝੌਤੇ ’ਤੇ ਦਸਤਖਤ ਕਰਨ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਜੇਕਰ ਭਾਰਤ ਰਾਜਨੀਤਿਕ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੇ ਦੇਸ਼ ਦੀ ਯਾਤਰਾ ਕਰਨ ਤੋਂ ਇਨਕਾਰ ਕਰਦਾ ਹੈ ਤਾਂ PCB ਨੂੰ ਇਸਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਇਸ ਸਬੰਧੀ PCB ਦੇ ਸੂਤਰ ਨੇ ਦੱਸਿਆ ਕਿ ICC ਨੇ ਪਾਕਿਸਤਾਨ ਨੂੰ ਟੂਰਨਾਮੈਂਟ ਦੇ ਮੇਜ਼ਬਾਨ ਵਜੋਂ ਚੁਣਿਆ ਹੈ, ਪਰ ਉਸ ਨੇ ਹਾਲੇ ਤੱਕ ਪਾਕਿਸਤਾਨ ਨਾਲ ਮੇਜ਼ਬਾਨੀ ਸਮਝੌਤੇ ’ਤੇ ਦਸਤਖਤ ਨਹੀਂ ਕੀਤੇ ਹਨ । ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਪੀ.ਸੀ.ਬੀ. ਦੇ ਚੇਅਰਮੈਨ ਜ਼ਕਾ ਅਸ਼ਰਫ ਅਤੇ ਮੁੱਖ ਸੰਚਾਲਨ ਅਧਿਕਾਰੀ ਸਲਮਾਨ ਨਸੀਰ ਨੇ 2025 ਵਿੱਚ ਫਰਵਰੀ-ਮਾਰਚ ਪਾਕਿਸਤਾਨ ਵਿੱਚ ਚੈਂਪੀਅਨਜ਼ ਟ੍ਰਾਫੀ ਦੀ ਮੇਜ਼ਬਾਨੀ ‘ਤੇ ਚਰਚਾ ਕਰਨ ਦੇ ਲਈ ਅਹਿਮਦਾਬਾਦ ਵਿੱਚ ICC ਕਾਰਜਕਾਰੀ ਬੋਰਡ ਨਾਲ ਮੁਲਾਕਾਤ ਕੀਤੀ ਸੀ ।
ਸੂਤਰ ਨੇ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਨੇ BCCI ਵੱਲੋਂ ਅਪਣੀ ਟੀਮ ਨੂੰ ਮੁੜ ਪਾਕਿਸਤਾਨ ਭੇਜਣ ਤੋਂ ਇਨਕਾਰ ਕਰਨ ਦੀ ਸੰਭਾਵਨਾ ’ਤੇ ਚਰਚਾ ਕੀਤੀ ਅਤੇ ਸਪੱਸ਼ਟ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਆਈ.ਸੀ.ਸੀ. ਨੂੰ ਟੂਰਨਾਮੈਂਟ ’ਤੇ ਇੱਕਪਾਸੜ ਫੈਸਲਾ ਨਹੀਂ ਲੈਣਾ ਚਾਹੀਦਾ। PCB ਅਧਿਕਾਰੀਆਂ ਨੇ ICC ਨੂੰ ਕਿਹਾ ਸੀ ਕਿ ਜੇਕਰ ਭਾਰਤ ਸੁਰੱਖਿਆ ਕਾਰਨਾਂ ਕਰ ਕੇ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰਦਾ ਹੈ ਤਾਂ ਗਲੋਬਲ ਸੰਸਥਾ ਨੂੰ ਇਕ ਸੁਤੰਤਰ ਸੁਰੱਖਿਆ ਏਜੰਸੀ ਨਿਯੁਕਤ ਕਰਨੀ ਚਾਹੀਦੀ ਹੈ।
PCB ਨੇ ਕਿਹਾ ਕਿ ਇਹ ਏਜੰਸੀ ਭਾਰਤ ਤੋਂ ਇਲਾਵਾ ਹਿੱਸਾ ਲੈਣ ਵਾਲੀਆਂ ਹੋਰ ਟੀਮਾਂ ਦੀ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਲਈ ਪਾਕਿਸਤਾਨ ਸਰਕਾਰ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੀ ਹੈ । ਪੀ.ਸੀ.ਬੀ. ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਕਈ ਚੋਟੀ ਦੀਆਂ ਟੀਮਾਂ ਨੇ ਬਿਨ੍ਹਾਂ ਕਿਸੇ ਸੁਰੱਖਿਆ ਚਿੰਤਾਵਾਂ ਦੇ ਪਾਕਿਸਤਾਨ ਦਾ ਦੌਰਾ ਕੀਤਾ ਹੈ। ਸੂਤਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਭਾਰਤ ਟੂਰਨਾਮੈਂਟ ਲਈ ਅਪਣੀ ਟੀਮ ਨਹੀਂ ਭੇਜਦਾ ਅਤੇ ਉਸ ਦੇ ਮੈਚ ਕਿਸੇ ਹੋਰ ਦੇਸ਼ ਵਿੱਚ ਕਰਵਾਏ ਜਾਂਦੇ ਹਨ ਤਾਂ ਆਈ.ਸੀ.ਸੀ. ਨੂੰ ਇਸ ਲਈ ਪਾਕਿਸਤਾਨ ਨੂੰ ਮੁਆਵਜ਼ਾ ਦੇਣਾ ਪਵੇਗਾ ।
ਦੱਸ ਦੇਈਏ ਕਿ ਭਾਰਤ ਨੇ ਇਸ ਸਾਲ ਅਗਸਤ-ਸਤੰਬਰ ਵਿੱਚ ਸਾਂਝੇ ਤੌਰ ’ਤੇ ਕਰਵਾਏ ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤੀ ਟੀਮ ਨੇ ਫਾਈਨਲ ਮੈਚ ਸਮੇਤ ਆਪਣੇ ਸਾਰੇ ਮੈਚ ਸ਼੍ਰੀਲੰਕਾ ਵਿੱਚ ਖੇਡੇ ਸਨ । BCCI ਸਕੱਤਰ ਜੈ ਸ਼ਾਹ ਦੀ ਅਗਵਾਈ ਵਾਲੀ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਨਾਲ ਹੋਏ ਸਮਝੌਤੇ ਤਹਿਤ ਪਾਕਿਸਤਾਨ ਨੇ ਏਸ਼ੀਆ ਕੱਪ ਦੇ ਸਿਰਫ ਚਾਰ ਮੈਚਾਂ ਦੀ ਮੇਜ਼ਬਾਨੀ ਕੀਤੀ ਸੀ ।
ਵੀਡੀਓ ਲਈ ਕਲਿੱਕ ਕਰੋ : –