Rajasthan Royals beat Chennai: ਆਈਪੀਐਲ ਦੇ 13ਵੇਂ ਸੀਜ਼ਨ ਦੇ 37ਵੇਂ ਮੈਚ ਵਿੱਚ ਸੋਮਵਾਰ ਨੂੰ ਰਾਜਸਥਾਨ ਰਾਇਲਜ਼ ਨੇ ਜਿੱਤ ਹਾਸਿਲ ਕੀਤੀ । ਉਸਨੇ ਚੇੱਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ। ਰਾਜਸਥਾਨ ਨੇ 17.3 ਓਵਰਾਂ ਵਿੱਚ 126/3 ਦੌੜਾਂ ਬਣਾਈਆਂ ਅਤੇ ਜਿੱਤ ਦਾ ਟੀਚਾ ਹਾਸਿਲ ਕੀਤਾ। ਇਸ ਹਾਰ ਨਾਲ ਚੇੱਨਈ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ । ਜਿਸ ਵਿੱਚ ਉਨ੍ਹਾਂ ਦਾ ਪਲੇਆਫ਼ ਵਿੱਚ ਜਾਣ ਦਾ ਰਸਤਾ ਬਹੁਤ ਮੁਸ਼ਕਿਲ ਹੋ ਗਿਆ ਹੈ। ਮਹਿੰਦਰ ਸਿੰਘ ਧੋਨੀ ਆਪਣੇ ਰਿਕਾਰਡ 200ਵੇਂ ਆਈਪੀਐਲ ਮੈਚ ਨੂੰ ਯਾਦਗਾਰੀ ਨਹੀਂ ਬਣਾ ਸਕੇ। ਉੱਥੇ ਹੀ ਦੂਜੇ ਪਾਸੇ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਨੇ ‘ਗੇਮ ਚੇਂਜਰ’ ਜੋਸ ਬਟਲਰ (ਨਾਬਾਦ 70, ਨਾਬਾਦ 48 ਗੇਂਦਾਂ) ਨਾਲ ‘ਕਰੋ ਜਾਂ ਮਰੋ’ ਮੈਚ ਵਿੱਚ ਜਿੱਤ ਦਾ ਜਸ਼ਨ ਮਨਾਇਆ।
ਇੱਥੇ ਜੇਕਰ ਰਾਜਸਥਾਨ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਵਿੱਚ ਇੱਕ ਤੋਂ ਬਾਅਦ ਤਿੰਨ ਵਿਕਟਾਂ ਡਿੱਗਣ ਕਾਰਨ ਰਾਜਸਥਾਨ ਲਈ ਕਪਤਾਨ ਸਟੀਵ ਸਮਿਥ ਅਤੇ ਜੋਸ ਬਟਲਰ ਵਿਚਾਲੇ ਚੌਥੇ ਵਿਕਟ ਲਈ 78 ਗੇਂਦਾਂ ਵਿੱਚ 98 ਦੌੜਾਂ ਦੀ ਅਟੁੱਟ ਸਾਂਝੇਦਾਰੀ ਨੇ ਜਿੱਤ ਦਾ ਰਾਹ ਸੌਖਾ ਕਰ ਦਿੱਤਾ । ਸਮਿਥ 34 ਗੇਂਦਾਂ ਵਿੱਚ 26 ਦੌੜਾਂ ਤੇ ਜੋਸ ਬਟਲਰ 48 ਗੇਂਦਾਂ ਵਿੱਚ 70 ਦੌੜਾਂ ਬਣਾ ਕੇ ਨਾਬਾਦ ਰਹੇ । ਚੇੱਨਈ ਲਈ ਦੀਪਕ ਚਾਹਰ ਨੇ ਦੋ ਅਤੇ ਜੋਸ਼ ਹੇਜ਼ਲਵੁੱਡ ਨੇ ਇੱਕ ਵਿਕਟ ਲਈ ।
ਇਸ ਤੋਂ ਪਹਿਲਾਂ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 125 ਦੌੜਾਂ ਬਣਾਈਆਂ। ਚੇੱਨਈ ਲਈ ਰਵਿੰਦਰ ਜਡੇਜਾ ਨੇ 30 ਗੇਂਦਾਂ ਵਿੱਚ 35 ਦੌੜਾਂ ਦਾ ਯੋਗਦਾਨ ਦਿੱਤਾ । ਇਸ ਤੋਂ ਇਲਾਵਾ ਕਪਤਾਨ ਧੋਨੀ ਨੇ 28 ਗੇਂਦਾਂ ਵਿੱਚ 28, ਸੈਮ ਕੁਰਨ ਨੇ 25 ਵਿੱਚ 22 ਅਤੇ ਅੰਬਾਤੀ ਰਾਇਡੂ ਨੇ 19 ਗੇਂਦਾਂ ਵਿੱਚ 13 ਦੌੜਾਂ ਬਣਾਈਆਂ । ਰਾਜਸਥਾਨ ਲਈ ਸ਼੍ਰੇਅਸ ਗੋਪਾਲ ਨੇ 4 ਓਵਰਾਂ ਵਿਚ14 ਦੌੜਾਂ ਦੇ ਕੇ 1 ਵਿਕਟ, ਰਾਹੁਲ ਤੇਵਤੀਆ ਨੇ 4 ਓਵਰਾਂ ਵਿੱਚ 18 ਦੌੜਾਂ ਦੇ ਕੇ 1 ਵਿਕਟ, ਜੋਫਰਾ ਆਰਚਰ ਨੇ 4 ਓਵਰਾਂ ਵਿੱਚ 20 ਦੌੜਾਂ ਦੇ ਕੇ 1 ਵਿਕਟ ਅਤੇ ਕਾਰਤਿਕ ਤਿਆਗੀ ਨੇ 4 ਓਵਰਾਂ ਵਿੱਚ 35 ਦੌੜਾਂ ਦੇ ਕੇ ਇੱਕ ਵਿਕਟ ਹਾਸਿਲ ਕੀਤੀ।
ਦੱਸ ਦੇਈਏ ਕਿ ਇਸ ਜਿੱਤ ਨਾਲ ਰਾਜਸਥਾਨ ਦੀ ਟੀਮ 8 ਅੰਕਾਂ ਦੇ ਨਾਲ ਹੇਠਲੇ ਸਥਾਨ ਤੋਂ ਹੇਠਾਂ 5ਵੇਂ ਸਥਾਨ ‘ਤੇ ਆ ਗਈ। ਉਸਦੀਆਂ ਪਲੇਆਫ਼ ਖੇਡਣ ਦੀਆਂ ਉਮੀਦਾਂ ਅਜੇ ਵੀ ਜ਼ਿੰਦਾ ਹਨ। ਰਾਇਲਜ਼ ਵੱਲੋਂ 10 ਮੈਚਾਂ ਵਿੱਚ ਇਹ ਚੌਥੀ ਜਿੱਤ ਰਹੀ। ਇਸੇ ਸੀਜ਼ਨ ਵਿੱਚ ਰਾਜਸਥਾਨ ਨੇ ਪਿਛਲੇ ਮੈਚ ਵਿੱਚ ਵੀ ਚੇੱਨਈ ਨੂੰ ਵੀ ਹਰਾ ਦਿੱਤਾ ਸੀ । ਇਹ ਚੇੱਨਈ ਦੀ 10 ਮੈਚਾਂ ਵਿੱਚ 7ਵੀਂ ਹਾਰ ਸੀ । ਉਹ ਹੁਣ 8ਵੇਂ ਸਥਾਨ ‘ਤੇ ਸਭ ਤੋਂ ਹੇਠਾਂ ਹੈ।