Sachin Tendulkar made his International debut: 15 ਨਵੰਬਰ ਦੀ ਤਰੀਕ ਕ੍ਰਿਕਟ ਇਤਿਹਾਸ ਵਿੱਚ ਬਹੁਤ ਖਾਸ ਹੈ। ਇਸੇ ਦਿਨ 1989 ਨੂੰ ਯਾਨੀ ਕਿ 31 ਸਾਲ ਪਹਿਲਾਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ 16 ਸਾਲਾਂ ਅਤੇ 205 ਦਿਨਾਂ ਦੇ ਇੱਕ ਲੜਕੇ ਨੇ ਆਪਣੀ ਟੈਸਟ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਹ ਮੁਸ਼ਤਾਕ ਮੁਹੰਮਦ ਅਤੇ ਆਕਿਬ ਜਾਵੇਦ ਤੋਂ ਬਾਅਦ ਡੈਬਿਊ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਤੀਜਾ ਟੈਸਟ ਕ੍ਰਿਕਟਰ ਸੀ। ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਸ ਲੜਕੇ ਨੂੰ ਇੱਕ ਦਿਨ ‘ਕ੍ਰਿਕਟ ਦਾ ਰੱਬ’ ਕਿਹਾ ਜਾਵੇਗਾ।
ਜੀ ਹਾਂ! ਇੱਥੇ ਸਚਿਨ ਰਮੇਸ਼ ਤੇਂਦੁਲਕਰ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੇ ਵਿਸ਼ਵ ਕ੍ਰਿਕਟ ਵਿੱਚ ਆਪਣੀ ਅਮਿੱਟ ਛਾਪ ਛੱਡੀ। ਸਚਿਨ ਨੇ ਕੁੱਲ 200 ਟੈਸਟ ਮੈਚ ਖੇਡੇ ਹਨ । ਆਪਣੇ 24 ਸਾਲਾਂ ਦੇ ਕਰੀਅਰ ਦੌਰਾਨ ਸਚਿਨ ਨੇ ਟੈਸਟ ਕ੍ਰਿਕਟ ਵਿੱਚ 53.78 ਦੀ ਔਸਤ ਨਾਲ 15921 ਦੌੜਾਂ ਬਣਾਈਆਂ । ਇਸ ਦੌਰਾਨ ਉਨ੍ਹਾਂ ਨੇ 51 ਟੈਸਟ ਸੈਂਕੜੇ ਅਤੇ 68 ਅਰਧ ਸੈਂਕੜੇ ਲਗਾਏ।
ਪਹਿਲੇ ਟੈਸਟ ਮੈਚ ਵਿੱਚ ਸਚਿਨ ਨੂੰ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਸੀ । ਕ੍ਰਿਸ਼ਨਮਾਚਾਰੀ ਸ੍ਰੀਕਾਂਤ ਭਾਰਤ ਦੀ ਕਪਤਾਨੀ ਕਰ ਰਹੇ ਸਨ। ਪਹਿਲੀ ਪਾਰੀ ਵਿੱਚ ਪਾਕਿਸਤਾਨ ਨੇ 409 ਦੌੜਾਂ ਬਣਾ ਕੇ ਭਾਰਤ ਨੂੰ ਦਬਾਅ ਵਿੱਚ ਪਾ ਦਿੱਤਾ ਸੀ। ਇੱਕ ਸਮੇਂ ਭਾਰਤੀ ਟੀਮ ਨੇ 41 ਦੇ ਸਕੋਰ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਜਿਸ ਤੋਂ ਬਾਅਦ ਸਚਿਨ ਨੇ 24 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਦੋ ਚੌਕਿਆਂ ਦੀ ਮਦਦ ਨਾਲ 15 ਦੌੜਾਂ ਬਣਾਈਆਂ । ਨਾਲ ਹੀ ਮੋ. ਅਜ਼ਹਰੂਦੀਨ ਨਾਲ 32 ਦੌੜਾਂ ਦੀ ਸਾਂਝੇਦਾਰੀ ਕੀਤੀ।
ਆਖਿਰਕਾਰ, ਸਚਿਨ ਨੂੰ ਗੇਂਦਬਾਜ਼ੀ ਕਰਨ ਵਾਲੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਵੀ ਆਪਣਾ ਪਹਿਲਾ ਟੈਸਟ ਮੈਚ ਖੇਡ ਰਿਹਾ ਸੀ । ਗੇਂਦਬਾਜ਼ ਕੋਈ ਹੋਰ ਨਹੀਂ, ਵਕਾਰ ਯੂਨਿਸ ਸੀ। ਦਿਲਚਸਪ ਗੱਲ ਇਹ ਹੈ ਕਿ ਸਚਿਨ ਅਤੇ ਵਕਾਰ ਤੋਂ ਇਲਾਵਾ ਸ਼ਾਹਿਦ ਸਈਦ (ਪਾਕਿ) ਅਤੇ ਸਲੀਲ ਅੰਕੋਲਾ ਨੇ ਵੀ ਕਰਾਚੀ ਟੈਸਟ ਵਿੱਚ ਸ਼ੁਰੂਆਤ ਕੀਤੀ ਸੀ। ਇਹ ਸਈਦ ਅਤੇ ਅੰਕੋਲਾ ਦਾ ਪਹਿਲਾ ਅਤੇ ਆਖਰੀ ਟੈਸਟ ਸਾਬਿਤ ਹੋਇਆ।
ਦਰਅਸਲ, ਇਹ ਇਤਫ਼ਾਕ ਮੰਨਿਆ ਜਾਵੇਗਾ ਕਿ 2013 ਵਿੱਚ ਸਚਿਨ ਨੇ 15 ਨਵੰਬਰ ਨੂੰ ਟੈਸਟ ਕ੍ਰਿਕਟ ਦੀ ਆਪਣੀ ਆਖਰੀ ਪਾਰੀ ਖੇਡੀ ਸੀ । ਸਚਿਨ ਵੈਸਟਇੰਡੀਜ਼ ਖ਼ਿਲਾਫ਼ 14 ਨਵੰਬਰ ਨੂੰ ਸ਼ੁਰੂ ਹੋਏ ਮੁੰਬਈ ਟੈਸਟ ਦੇ ਦੂਜੇ ਦਿਨ (15 ਨਵੰਬਰ) ਨੂੰ 74 ਦੌੜਾਂ ਬਣਾ ਕੇ ਵਾਪਸ ਪਰਤੇ । ਇਸਦੇ ਨਾਲ ਸਚਿਨ ਨੇ 24 ਸਾਲਾਂ ਅਤੇ 1 ਦਿਨ ਦੀ ਯਾਤਰਾ ਤੋਂ ਬਾਅਦ ਆਰਾਮ ਲਿਆ। ਭਾਰਤ ਨੇ ਇਹ ਮੈਚ ਇੱਕ ਪਾਰੀ ਅਤੇ 126 ਦੌੜਾਂ ਨਾਲ ਜਿੱਤ ਲਿਆ ।
ਉੱਥੇ ਹੀ ਅੱਜ ਦੇ ਦਿਨ ਨੂੰ ਯਾਦ ਕਰਦਿਆਂ BCCI ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਜਿਸ ਵਿੱਚ BCCI ਨੇ ਕਿਹਾ, ‘ਅੱਜ, 1989 ਵਿੱਚ ਸਚਿਨ ਤੇਂਦੁਲਕਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। 2013 ਵਿੱਚ, ਇਹ ਮਹਾਨ ਖਿਡਾਰੀ ਆਖਰੀ ਵਾਰ ਭਾਰਤ ਲਈ ਮੈਦਾਨ ਵਿੱਚ ਉਤਰਿਆ ਸੀ। ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਤੁਹਾਡਾ ਧੰਨਵਾਦ।’
ਦੱਸ ਦੇਈਏ ਕਿ ਸਚਿਨ ਨੇ ਭਾਰਤ ਲਈ 200 ਟੈਸਟ ਅਤੇ 463 ਵਨਡੇ ਖੇਡੇ ਹਨ । ਉਨ੍ਹਾਂ ਦੇ ਨਾਮ ਅੰਤਰਰਾਸ਼ਟਰੀ ਪੱਧਰ ‘ਤੇ 100 ਸੈਂਕੜੇ ਹੈ। ਵਨਡੇ ਮੈਚਾਂ ਵਿੱਚ ਉਨ੍ਹਾਂ ਨੇ 49 ਸੈਂਕੜੇ ਲਗਾ ਕੇ 18,426 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਟੈਸਟਾਂ ਵਿੱਚ 15,921 ਦੌੜਾਂ ਬਣਾਈਆਂ ਹਨ, ਜਿਸ ਵਿੱਚ 51 ਸੈਂਕੜੇ ਸ਼ਾਮਿਲ ਹਨ। ਉਨ੍ਹਾਂ ਨੇ 2006 ਵਿੱਚ ਦੱਖਣੀ ਅਫਰੀਕਾ ਵਿਰੁੱਧ ਟੀ-20 ਮੈਚ ਵੀ ਖੇਡਿਆ ਸੀ, ਜਿਸ ਵਿੱਚ ਉਨ੍ਹਾਂ ਨੇ 10 ਦੌੜਾਂ ਬਣਾਈਆਂ ਸਨ।