Spinner bowler Varun chakraborty: ਆਈਪੀਐਲ 2020 ਦੇ 49ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਰੋਮਾਂਚਕ ਮੈਚ ਵਿੱਚ ਆਖਰੀ ਗੇਂਦ ‘ਤੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । ਕੋਲਕਾਤਾ ਦੀ ਟੀਮ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 172 ਦੌੜਾਂ ਬਣਾਈਆਂ । ਇਸ ਟੀਚੇ ਦਾ ਪਿੱਛਾ ਕਰਦਿਆਂ ਚੇੱਨਈ ਦੀ ਟੀਮ ਨੇ ਰਿਤੂਰਾਜ ਗਾਇਕਵਾੜ (72) ਅਤੇ ਰਵਿੰਦਰ ਜਡੇਜਾ (31) ਦੀ ਪਾਰੀ ਦੇ ਦਮ ‘ਤੇ ਮੈਚ ਜਿੱਤ ਲਿਆ । ਇਸ ਮੈਚ ਵਿੱਚ ਵਰੁਣ ਚੱਕਰਵਰਤੀ ਨੇ CSK ਦੇ ਕਪਤਾਨ ਧੋਨੀ ਨੂੰ ਕਲੀਨ ਬੋਲਡ ਕਰ ਕੇ ਪੈਵੇਲੀਅਨ ਦਾ ਰਸਤਾ ਦਿਖਾਇਆ ਅਤੇ ਉਨ੍ਹਾਂ ਦੇ ਖਿਲਾਫ ਇੱਕ ਵਿਸ਼ੇਸ਼ ਰਿਕਾਰਡ ਵੀ ਆਪਣੇ ਨਾਮ ਕੀਤਾ ।
ਦਰਅਸਲ, ਵਰੁਣ ਚੱਕਰਵਰਤੀ ਆਈਪੀਐਲ ਵਿੱਚ ਅਜਿਹਾ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ, ਜਿਸਨੇ ਮਹਿੰਦਰ ਸਿੰਘ ਧੋਨੀ ਨੂੰ ਦੋ ਵਾਰ ਸਾਫ ਤੌਰ ‘ਤੇ ਬੋਲਡ ਕੀਤਾ । ਵੀਰਵਾਰ ਨੂੰ ਖੇਡੇ ਗਏ ਮੈਚ ਵਿੱਚ ਵਰੁਣ ਨੇ 15ਵੇਂ ਓਵਰ ਵਿੱਚ ਧੋਨੀ (1) ਦੀ ਵਿਕਟ ਹਾਸਿਲ ਕੀਤੀ। ਇਸ ਤੋਂ ਪਹਿਲਾਂ ਇਸ ਸੀਜ਼ਨ ਵਿੱਚ KKR ਅਤੇ CSK ਵਿਚਾਲੇ ਖੇਡੇ ਗਏ ਮੈਚ ਵਿੱਚ ਧੋਨੀ ਨੂੰ ਵਰੁਣ ਚੱਕਰਵਰਤੀ ਨੇ ਬੋਲਡ ਕੀਤਾ ਸੀ । ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਧੋਨੀ ਨੂੰ ਕੋਈ ਵੀ ਗੇਂਦਬਾਜ਼ ਦੋ ਵਾਰ ਕਲੀਨ ਬੋਲਡ ਕਰ ਕੇ ਉਨ੍ਹਾਂ ਦੀ ਵਿਕਟ ਆਪਣੇ ਨਾਮ ਨਹੀਂ ਕਰ ਸਕਿਆ ਸੀ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇੱਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਚੰਗੀ ਰਹੀ ਅਤੇ ਸ਼ੇਨ ਵਾਟਸਨ (14) ਅਤੇ ਰਿਤੂਰਾਜ ਗਾਇਕਵਾੜ (72) ਦੇ ਨਾਲ ਪਹਿਲੇ ਵਿਕਟ ਲਈ 50 ਦੌੜਾਂ ਜੋੜੀਆਂ। ਉੱਥੇ ਹੀ ਦੂਜੇ ਪਾਸੇ ਵਰੁਣ ਚੱਕਰਵਰਤੀ ਨੇ ਵਾਟਸਨ ਨੂੰ ਆਊਟ ਕਰ ਕੇ ਕੋਲਕਾਤਾ ਦੀ ਟੀਮ ਨੂੰ ਪਹਿਲੀ ਸਫਲਤਾ ਦਿੱਤੀ। ਇਸ ਤੋਂ ਬਾਅਦ ਅੰਬਤੀ ਰਾਇਡੂ (38) ਨੇ ਗਾਇਕਵਾੜ ਦੇ ਨਾਲ ਮਿਲ ਕੇ ਦੂਜੇ ਵਿਕਟ ਲਈ 68 ਦੌੜਾਂ ਜੋੜੀਆਂ ਅਤੇ ਟੀਮ ਨੂੰ ਮਜ਼ਬੂਤ ਸਥਿਤੀ ‘ਤੇ ਪਹੁੰਚਾਇਆ। ਆਖਰੀ ਓਵਰ ਵਿੱਚ ਰਵਿੰਦਰ ਜਡੇਜਾ ਨੇ ਵਧੀਆ ਬੱਲੇਬਾਜ਼ੀ ਕਰਦਿਆਂ 11 ਗੇਂਦਾਂ ਵਿੱਚ 31 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ । ਇਸ ਤੋਂ ਪਹਿਲਾਂ KKR ਲਈ ਨਿਤੀਸ਼ ਰਾਣਾ ਨੇ ਵਧੀਆ ਬੱਲੇਬਾਜ਼ੀ ਕਰਦਿਆਂ 87 ਦੌੜਾਂ ਬਣਾਈਆਂ ਸਨ, ਜਿਸ ਨਾਲ ਟੀਮ 20 ਓਵਰਾਂ ਵਿੱਚ 172 ਦੇ ਸਨਮਾਨਯੋਗ ਸਕੋਰ ਤੱਕ ਪਹੁੰਚ ਸਕੀ ।