ਜਲੰਧਰ ਦੇ ਲਤੀਫਪੁਰਾ ਵਿੱਚ ਨਾਜਾਇਜ਼ ਉਸਾਰੀਆਂ ਢਾਹੁਣ ਦੇ ਨਾਂ ‘ਤੇ ਲੋਕਾਂ ਦੇ ਘਰ ਢਾਹੁਣ ਤੋਂ ਬਾਅਦ ਲੋਕ ਠੰਢ ਵਿੱਚ ਆਪਣੀਆਂ ਰਾਤਾਂ ਗੁਜ਼ਾਰ ਰਹੇ ਹਨ। ਉਨ੍ਹਾਂ ਕੋਲ ਖਾਣਾ ਨਹੀਂ ਹੈ, ਬੱਚੇ ਸਕੂਲ ਨਹੀਂ ਜਾ ਸਕਦੇ ਹਨ। ਕੜਾਕੇ ਦੀ ਪੈ ਰਹੀ ਠੰਢ ਵਿੱਚ ਬੀਮਾਰ ਬਜ਼ੁਰਗਾਂ ਦਾ ਬੁਰਾ ਹਾਲ ਹੈ। ਇਸ ਦੌਰਾਨ ਖਾਲਸਾ ਏਡ ਦੇ ਵਰਕਰ ਉਨ੍ਹਾਂ ਦੀ ਮਦਦ ਲਈ ਪਹੁੰਚੀ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬੀਤੀ ਰਾਤ ਲਤੀਫਪੁਰਾ ਵਿੱਚ ਬੇਘਰ ਹੋਏ ਲੋਕਾਂ ਦਾ ਦੁਖੜਾ ਸੁਣਨ ਪਹੁੰਚੇ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ।
ਸੁਖਬੀਰ ਬਾਦਲ ਨੇ ਦੱਸਿਆ ਕਿ ਉਨ੍ਹਾਂ ਬੇਘਰ ਲੋਕਾਂ ਦੀ ਸਹਾਇਤਾ ਲਈ ਕਮੇਟੀ ਬਣਾਈ ਹੈ ਤਾਂ ਜੋ ਉਹ ਪੀੜਤ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਉਨ੍ਹਾਂ ਦਾ ਪੱਖ ਰੱਖਣ ਲਈ ਵਕੀਲਾਂ ਦੀ ਸਲਾਹ ਲੈ ਕੇ ਕਾਨੂੰਨੀ ਸਹਾਇਤਾ ਕਰੇਗਾ ਤੇ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਦਿਵਾਏਗਾ। ਉਨ੍ਹਾਂ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੇ ਮੁੜ ਵਸੇਬੇ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨਗੇ।
ਸੁਖਬੀਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਅਪੀਲ ਕੀਤੀ ਕਿ ਉਹ ਪੀੜਤਾਂ ਲਈ ਮਦਦ ਕਰਨ ਦਾ ਪ੍ਰਬੰਧ ਕਰਨ ਤਾਂ ਜੋ ਇਹ ਠੰਢ ਦੇ ਦਿਨਾਂ ਵਿਚ ਰਾਤ ਨੂੰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਨਾ ਹੋਣਾ ਪਏ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਦੇ ਹਰ ਫੈਸਲੇ ਦਾ ਸਨਮਾਨ ਕਰਦੇ ਹਾਂ ਪਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਪਹਿਲਾ ਇਨ੍ਹਾਂ ਦੇ ਰਹਿਣ ਲਈ ਥਾਂ ਦਾ ਪ੍ਰਬੰਧ ਕਰਦੀ।
ਇਹ ਵੀ ਪੜ੍ਹੋ : ਅਮਰੀਕਾ ‘ਚ ਹੁਣ ਸਮਲਿੰਗੀ ਵਿਆਹ ਹੋਏ Legal, ਬਾਈਡੇਨ ਨੇ ਬਿੱਲ ‘ਤੇ ਲਾਈ ਮੋਹਰ
ਦੱਸ ਦੇਈਏ ਕਿ 9 ਦਸੰਬਰ ਨੂੰ ਇੰਪਰੂਵਮੈਂਟ ਟਰੱਸਟ ਦੀ ਟੀਮ ਨੇ ਕਰੀਬ 600 ਪੁਲਿਸ ਮੁਲਾਜ਼ਮਾਂ ਨਾਲ ਮਸ਼ੀਨਾਂ ਲੈ ਕੇ ਜਲੰਧਰ ਵਿੱਚ ਨਾਜਾਇਜ਼ ਮਕਾਨਾਂ ਨੂੰ ਢਾਹ ਦਿੱਤਾ ਸੀ, ਜਿਸ ਮਗਰੋਂ ਇਹ ਲੋਕ ਸੜਕਾਂ ‘ਤੇ ਆ ਗਏ ਸਨ। ਹੁਣ ਖ਼ਾਲਸਾ ਏਡ ਨੇ ਇਨ੍ਹਾਂ ਨੂੰ ਟੈਂਟ ਮੁਹਈਆ ਕਰਵਾਏ ਹਨ ਅਤੇ ਖਾਣ ਦਾ ਪੂਰਾ ਪ੍ਰਬੰਧ ਕੀਤਾ ਹੈ। ਇਸ ਪੂਰੇ ਮਾਮਲੇ ਲਈ ਹੁਣ ਹਾਈਕੋਰਟ ਵੱਲੋਂ 12 ਦਸੰਬਰ ਨੂੰ ਕਾਰਵਾਈ ਰਿਪੋਰਟ ਮੰਗੀ ਗਈ ਸੀ। ਲੋਕਾਂ ਵੱਲੋਂ ਬੇਘਰ ਹੋਣ ਮਗਰੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: