ਫਗਵਾੜਾ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਮੋਦੀ ਸਰਕਾਰ ਵੱਲੋਂ ਲਿਆਏ ਤਿੰਨ ਕਾਲੇ ਕਾਨੂੰਨ ਸੰਸਦ ਵਿਚ ਰੱਦ ਹੋਣ ’ਤੇ ਸਮੁੱਚੇ ਕਿਸਾਨ ਅਤੇ ਮਜ਼ਦੂਰ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿਸ ਸਬਰ ਅਤੇ ਸ਼ਿੱਦਤ ਦੇ ਨਾਲ ਕਿਸਾਨਾਂ ਅੰਦੋਲਨ ਚਲਾਇਆ ਇਸ ਸੰਘਰਸ਼ ਨੂੰ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਪਰ ਇਸ ਦੇ ਨਾਲ ਨਾਲ ਇਸ ਗੱਲ ਨੂੰ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿ ਭਾਜਪਾ ਨੇ ਕਿਸ ਤਰ੍ਹਾਂ ਆਪਣੀ ਹਕੂਮਤ ਚਲਾਈ ਅਤੇ ਕਿਸਾਨਾਂ ਨਾਲ ਮਾੜਾ ਵਰਤਾਅ ਕੀਤਾ ਜੋ ਕਿ ਬੜੀ ਹੀ ਨਿੰਦਨਯੋਗ ਗੱਲ ਹੈ।
ਗੜ੍ਹੀ ਨੇ ਕਿਹਾ ਕਿ 11 ਦੌਰ ਦੀ ਅਸਫਲ ਗੱਲਬਾਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਨਾਸ਼ਾਹੀ ਰਵੱਈਆ ਭਾਜਪਾ ਦੀ ਹਕੂਮਤ ’ਤੇ ਕਾਲਾ ਕਲੰਕ ਹੈ। ਅੰਦੋਲਨ ਵਿਚ ਸ਼ਹੀਦ ਹੋਏ 700 ਕਿਸਾਨਾਂ ਦੇ ਸੀਵਿਆਂ ’ਤੇ ਬੈਠੀ ਭਾਰਤੀ ਜਨਤਾ ਪਾਰਟੀ ਪਿਛਲੇ ਦਿਨੀਂ ਲੱਡੂ ਵੰਡਣ ਦਾ ਡਰਾਮਾ ਕਰ ਰਹੀ ਸੀ ਜਿਸ ਦੀ ਬਹੁਜਨ ਸਮਾਜ ਪਾਰਟੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ। ਗੜ੍ਹੀ ਨੇ ਕਿਹਾ ਕਿ ਜਿਸ ਵੇਲੇ ਪਾਰਲੀਮੈਂਟ ਵਿਚ ਭਾਰਤੀ ਜਨਤਾ ਪਾਰਟੀ ਨੇ ਕਾਲੇ ਕਾਨੂੰਨ ਰੱਦ ਕੀਤੇ ਉਸ ਵੇਲੇ ਉਨ੍ਹਾਂ ਵੱਲੋਂ ਨਾ ਤਾਂ ਉਨ੍ਹਾਂ ਸ਼ਹੀਦਾਂ ਦੀ ਗੱਲ ਕੀਤੀ ਗਈ, ਨਾ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀ ਜਾਂ ਮੁਆਵਜ਼ੇ ਦਾ ਕੋਈ ਐਲਾਨ ਕੀਤਾ। ਗੜ੍ਹੀ ਨੇ ਮੋਦੀ ਸਰਕਾਰ ’ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਕਿਸਾਨ ਅੰਦੋਲਨ ਵਿਚ ਜੋ 1 ਲੱਖ ਦੇ ਕਰੀਬ ਪਰਚੇ ਕਿਸਾਨਾਂ ’ਤੇ ਦਰਜ ਕੀਤੇ ਗਏ ਮੋਦੀ ਸਰਕਾਰ ਵੱਲੋਂ ਉਸ ਬਾਰੇ ਕੀ ਕੀਤਾ ਗਿਆ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ। ਐਮ. ਐਸ. ਪੀ. ਜੋ ਕਿ 23 ਫਸਲਾਂ ’ਤੇ ਮਿਲਦਾ ਹੈ ਉਨ੍ਹਾਂ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਸਾਬ੍ਹ ਚੁੱਪ ਕਿਉਂ ਹਨ। ਗੜ੍ਹੀ ਨੇ ਕਿਹਾ ਕਿ ਕਿਸਾਨਾਂ ਨੂੰ ਟਿੱਚ ਸਮਝਣ ਵਾਲੇ ਪ੍ਰਧਾਨ ਮੰਤਰੀ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ 40 ਕਰੋੜ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਹੀ ਹੈ। ਕਿਸਾਨਾਂ ਨੂੰ ਫਸਲ ’ਤੇ ਐਮ. ਐਸ. ਪੀ ਦੇਣੀ ਨਾ ਸਿਰਫ ਕਿਸਾਨਾਂ ਦੇ ਹਿੱਤ ਵਿਚ ਹੈ ਸਗੋਂ ਸਮੁੱਚੇ ਦੇਸ਼ਵਾਸੀਆਂ ਦੇ ਹਿੱਤ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਗੜ੍ਹੀ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਢੰਗ ਨਾਲ ਤੁਸੀਂ ਅੰਦੋਲਨ ਨੂੰ ਚਲਾਇਆ ਬਹੁਜਨ ਸਮਾਜ ਪਾਰਟੀ ਉਸ ਨੂੰ ਸਲਾਮ ਕਰਦੀ ਹੈ ਅਤੇ ਜਿਨ੍ਹਾਂ ਮਜ਼ਦੂਰਾਂ ਨੇ ਅੰਦੋਲਨ ਵਿਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਉਨ੍ਹਾਂ ਨੂੰ ਵੀ ਬਹੁਜਨ ਸਮਾਜ ਪਾਰਟੀ ਵੱਲੋਂ ਸਲੂਟ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਉਨ੍ਹਾਂ ਚੇਹਰਿਆਂ ’ਤੇ ਨਜ਼ਰ ਰੱਖਣ ਦੀ ਲੋੜ ਹੈ ਜੋ ਸਿਆਸੀ ਫਾਇਦੇ ਲਈ ਸੰਘਰਸ਼ ਦਾ ਸਹਾਰਾ ਲੈਂਦੇ ਆਏ ਹਨ ਅਤੇ ਆਪਣੀ ਸਿਆਸਤ ਚਮਕਾਉਣ ਦੇ ਲਈ ਕਿਸਾਨ ਅੰਦੋਲਨ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ। ਕਿਸਾਨ ਜਥੇਬੰਦੀਆਂ ਨੂੰ ਉਨ੍ਹਾਂ ਸਵਾਰਥੀ ਚੇਹਰਿਆਂ ਨੂੰ ਵੀ ਬੇਨਕਾਬ ਕਰਨਾ ਚਾਹੀਦਾ ਹੈ।