ਹੁਸ਼ਿਆਰਪੁਰ : ਹੇਠਾਂ ਜਾ ਰਹੇ ਜ਼ਮੀਨੀ ਪਾਣੀ ਦੇ ਪੱਧਰ ਕਰਕੇ ਲੇਬਰ ਦੀ ਮੁਸ਼ਕਲ ਤੋਂ ਬਚਣ ਲਈ ਅੱਜ ਤੋਂ ਤਿੰਨ ਸਾਲ ਪਹਿਲਾਂ ਕਣਕ ਦੀ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦਾ ਰਸਤਾ ਚੁਣਿਆ। ਕਣਕ ਦੀ ਨਾੜ ਦਾ ਖੇਤਾਂ ਵਿਚ ਪ੍ਰਬੰਧਨ ਕਰਕੇ ਤੂੜੀ ਬਣਾ ਕੇ 5 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ। ਨਤੀਜਾ ਇਹ ਨਿਕਲਿਆ ਕਿ ਪਾਣੀ, ਲੇਬਰ ਤੇ ਡੀਜ਼ਲ ਦੀ ਤਾਂ ਬੱਚਤ ਹੋਈ ਹੀ ਹੈ, ਨਾਲ ਹੀ ਝਾੜ ਵੀ ਪਹਿਲੇ ਨਾਲੋਂ ਵੱਧ ਪ੍ਰਾਪਤ ਹੋਇਆ। ਉਦੋਂ ਤੋਂ ਫੈਸਲਾ ਕਰ ਲਿਆ ਕਿ ਹੁਣ ਕਦੇ ਵੀ ਕਣਕ ਸਮੇਤ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ, ਬਲਕਿ ਸਿੱਧੀ ਬਿਜਾਈ ਕਰਕੇ ਜਿਥੇ ਲਾਭ ਕਮਾਉਣਾ ਹੈ, ਉਥੇ ਵਾਤਾਵਰਣ ਦੀ ਵੀ ਸੰਭਾਲ ਕਰਨੀ ਹੈ। ਇਹ ਕਹਿਣਾ ਹੈ ਪਿੰਡ ਹੰਦੋਵਾਲ ਦੇ ਅਗਾਂਹਵਧੂ ਕਿਸਾਨ ਦਲਬੀਰ ਸਿੰਘ ਦਾ।
ਬੀ.ਏ. ਪਾਸ ਦਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਕਣਕ ਦੀ ਨਾੜ ਨੂੰ ਅੱਗ ਲਗਾਏ ਬਿਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਪ੍ਰਤੀ ਏਕੜ 23 ਕੁਇੰਟਲ ਝਾੜ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਉਸ ਵਲੋਂ ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਵੀ ਖੇਤ ਵਿਚ ਹੀ ਕੀਤਾ ਜਾਂਦਾ ਹੈ। ਆਪਣੇ ਚਾਚਾ ਰਘੁਬੀਰ ਸਿੰਘ ਨਾਲ ਕਰੀਬ 10 ਏਕੜ ਵਿਚ ਸਾਂਝੀ ਖੇਤੀ ਕਰਨ ਵਾਲੇ ਦਲਬੀਰ ਸਿੰਘ ਨੇ ਦੱਸਿਆ ਕਿ ਸਾਲ 2019 ਵਿਚ ਪਹਿਲੀ ਵਾਰ 10 ਏਕੜ ਵਿਚ ਸਿੱਧੀ ਬਿਜਾਈ ਕੀਤੀ ਪਰੰਤੂ ਤਜ਼ਰਬੇ ਵਿਚ ਕਮੀ, ਨਦੀਨਾਂ ਦੀ ਠੀਕ ਤਰ੍ਹਾਂ ਰੋਕਥਾਮ ਤੇ ਖੇਤ ਲੇਜ਼ਰ ਲੈਵਲ ਨਾ ਹੋਣ ਕਾਰਨ ਝੋਨੇ ਵਿਚ ਕਮੀ ਆਈ। ਪਰੰਤੂ ਉਸ ਨੇ ਹਿੰਮਤ ਨਾ ਹਾਰਦੇ ਹੋਏ ਕਣਕ ਦੀ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਝੋਨੇ ਦੀ ਸਿੱਧੀ ਬਿਜਾਈ ਜਾਰੀ ਰੱਖੀ। ਸਾਲ 2021 ਦੌਰਾਨ ਕਣਕ ਦੀ ਨਾੜ ਦੀ ਤੂੜੀ ਬਣਾ ਕੇ 5 ਏਕੜ ਵਿਚ ਝੋਨਾ (ਕਿਸਮ ਪੀ.ਆਰ. 126) ਦੀ ਸਿੱਧੀ ਬਿਜਾਈ ਕੀਤੀ। ਖੇਤੀ ਵਿਭਾਗ ਵਲੋਂ ਸਿਫਾਰਸ਼ ਕੀਤੀ ਗਈ ਨਦੀਨ ਨਾਸ਼ਕ ਦਵਾਈਆਂ ਦੇ ਸਮੇਂ ਸਿਰ ਛਿੜਕਾਅ ਨਾਲ ਨਦੀਨਾਂ ਦੀ ਰੋਕਥਾਮ ਕੀਤੀ। ਨਤੀਜੇ ਵਜੋਂ ਜਿਥੇ ਇਸ ਤਰ੍ਹਾਂ ਉਸ ਨੂੰ 23 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋਇਆ, ਉਥੇ ਦੂਜੇ ਪਾਸੇ ਦੋ ਹਜ਼ਾਰ ਰੁਪਏ ਪ੍ਰਤੀ ਏਕੜ ਡੀਜ਼ਲ ਦਾ ਅਤੇ ਚਾਰ ਹਜ਼ਾਰ ਰੁਪਏ ਪ੍ਰਤੀ ਏਕੜ ਲੇਬਰ ਦਾ ਖਰਚਾ ਘੱਟ ਹੋਇਆ। ਇਸ ਤੋਂ ਇਲਾਵਾ ਇਸ ਵਿਧੀ ਨਾਲ ਲਗਾਏ ਗਏ ਝੋਨੇ ਤੋਂ ਪਾਣੀ ਦੀ ਕਾਫ਼ੀ ਬੱਚਤ ਹੋਈ। ਕਿਸਾਨ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਨਵੀਂ ਤਕਨੀਕ ਅਪਨਾਉਣ ਨਾਲ ਚੁਨੌਤੀਆਂ ਤਾਂ ਸਾਹਮਣੇ ਆਉਂਦੀਆਂ ਹਨ, ਪਰੰਤੂ ਖੇਤੀ ਮਾਹਿਰਾਂ ਤੇ ਅਗਾਂਹਵਧੂ ਕਿਸਾਨਾਂ ਨਾਲ ਤਾਲਮੇਲ ਰੱਖ ਕੇ ਉਨ੍ਹਾਂ ਦਾ ਹੱਲ ਵੀ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਪ੍ਰਗਤੀਸ਼ੀਲ ਕਿਸਾਨ ਦਲਬੀਰ ਸਿੰਘ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਤੇ ਪਾਣੀ ਦੀ ਸੰਭਾਲ ਲਈ ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਾਂਹਵਧੂ ਕਿਸਾਨ ਦਲਬੀਰ ਸਿੰਘ ਵਲੋਂ ਕਣਕ ਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣਾ ਪ੍ਰਸ਼ੰਸਾਯੋਗ ਕਦਮ ਹੈ। ਇਸ ਪ੍ਰਗਤੀਸ਼ੀਲ ਕਦਮ ਨਾਲ ਜਿਥੇ ਵਾਤਾਵਰਣ ਦੀ ਰੱਖਿਆ ਅਤੇ ਪਾਣੀ ਦੀ ਸੰਭਾਲ ਕੀਤੀ ਜਾ ਸਕਦੀ ਹੈ, ਉਥੇ ਵੱਧ ਮੁਨਾਫਾ ਵੀ ਕਮਾਇਆ ਜਾ ਸਕਦਾ ਹੈ।
ਸੰਦੀਪ ਹੰਸ ਨੇ ਕਿਹਾ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਜ਼ਮੀਨ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਡੀ.ਐਸ.ਆਰ. ਡਰਿੱਲ (ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ) ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਇਹ ਆਧੁਨਿਕ ਤਕਨੀਕ ਵਾਲੀ ਮਸ਼ੀਨ ਖੇਤੀਬਾੜੀ ਵਿਭਾਗ ਕੋਲ ਮੌਜੂਦ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਤੋਂ ਇਲਾਵਾ ਸਵੈ-ਸਹਾਇਤਾ ਗਰੁੱਪ ਅਤੇ ਕਿਸਾਨਾਂ ਤੋਂ ਕਿਰਾਏ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਡੀ.ਐਸ.ਆਰ. ਡਰਿੱਲ ਕਿਰਾਏ ’ਤੇ ਪ੍ਰਾਪਤ ਕਰਨ ਲਈ ਆਪਣੇ ਨਜ਼ੀਦਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਨਾਮ ਸਿੰਘ ਨੇ ਕਿਹਾ ਕਿ ਮਧਿਅਮ ਦਰਮਿਆਨੀਆਂ ਤੋ ਭਾਰੀਆਂ ਜ਼ਮੀਨਾਂ (ਰੇਤਲੀ ਮੈਰਾ, ਮੈਰਾ, ਚਿਕਨੀ ਮੈਰਾ) ਸਿੱਧੀ ਬਿਜਾਈ ਲਈ ਬਹੁਤ ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਸਿੱਧੀ ਬਿਜਾਈ ਸਿਰਫ਼ ਉਹੀ ਕਰਨ, ਜਿਥੇ ਪਿਛਲੇ ਸਾਲਾਂ ਵਿਚ ਝੋਨੇ ਦੀ ਕਾਸ਼ਤ ਕੀਤੀ ਗਈ ਹੋਵੇ, ਜਿਨ੍ਹਾਂ ਖੇਤਾਂ ਵਿਚ ਪਿਛਲੇ ਸਾਲ ਗੰਨਾ, ਮੱਕੀ ਤੇ ਨਰਮਾ ਆਦਿ ਬੀਜਿਆ ਹੋਵੇ, ਉਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਗੁਰੇਜ਼ ਕਰਨ, ਕਿਉਂਕਿ ਇਨ੍ਹਾਂ ਖੇਤਾਂ ਵਿਚ ਨਦੀਨਾਂ ਦੀ ਸਮੱਸਿਆ ਵਧੇਰੇ ਹੋ ਸਕਦੀ ਹੈ।