ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸੱਲਾਂ ਵਿੱਚ ਸ਼ੁੱਕਰਵਾਰ ਰਾਤ ਨੂੰ ਨਗਰ ਕੀਰਤਨ ਦੌਰਾਨ ਦੁੱਧ ਦਾ ਲੰਗਰ ਵਰਤਾਉਣ ਦੀ ਸੇਵਾ ਕਰਨ ਵਾਲੇ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ 11 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸਾਹਿਲ ਵਜੋਂ ਹੋਈ ਹੈ। ਉਹ ਪੱਟੀ ਤਲਵੰਡੀ ਸੱਲਾ ਦਾ ਰਹਿਣ ਵਾਲਾ ਸੀ।
ਮ੍ਰਿਤਕ ਨੌਜਵਾਨ ਦੇ ਪਿਤਾ ਕਸ਼ਮੀਰਾ ਲਾਲ ਨੇ ਪੁਲਿਸ ਨੂੰ ਦੱਸਿਆ ਕਿ ਸਾਲ 2021 ਵਿੱਚ ਦੋਸ਼ੀ ਆਸ਼ੂ ਨਾਲ ਉਸ ਦੇ ਲੜਕੇ ਦੀ ਲੜਾਈ ਹੋਈ ਸੀ ਅਤੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਵੀ ਦੋਸ਼ੀ ਦੀ ਪੁੱਤਰ ਨਾਲ ਲੜਾਈ ਹੋਈ ਸੀ। ਇਸੇ ਰੰਜਿਸ਼ ਕਾਰਨ ਦੋਸ਼ੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁੱਤਰ ’ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਭਰਾ ਗੌਰਵ ਨਾਲ ਪਿੰਡ ਵਿੱਚ ਹੀ ਗੁਰਮੀਤ ਸਿੰਘ ਦੀ ਵੈਲਡਿੰਗ ਦੀ ਦੁਕਾਨ ’ਤੇ ਨਗਰ ਕੀਰਤਨ ਦੀ ਸੰਗਤ ਲਈ ਦੁੱਧ ਦਾ ਲੰਗਰ ਵਰਤਾ ਰਿਹਾ ਸੀ।
ਇਸੇ ਦੌਰਾਨ ਚਾਰਾ ਲੈ ਕੇ ਜਾ ਰਹੇ ਟਰੈਕਟਰ ਅਤੇ ਛੋਟੀ ਟਰਾਲੀ ‘ਤੇ ਸਵਾਰ ਹੋ ਕੇ ਆਏ ਦੋਸ਼ੀਆਂ ਨੇ ਉਸ ਦੇ ਲੜਕੇ ‘ਤੇ ਲੋਹੇ ਦੀ ਰਾਡ ਅਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਜਦੋਂ ਉਹ ਅਤੇ ਉਸ ਦਾ ਭਰਾ ਮਲਕੀਤ ਲਾਲ ਸਾਹਿਲ ਨੂੰ ਬਚਾਉਣ ਗਏ ਤਾਂ ਉਨ੍ਹਾਂ ‘ਤੇ ਵੀ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਲੜਕੇ ਦਾ ਮੋਬਾਈਲ ਵੀ ਖੋਹ ਲਿਆ। ਜਦੋਂ ਸੰਗਤ ਇਕੱਠੀ ਹੋਈ ਤਾਂ ਸਾਰੇ ਹਮਲਾਵਰ ਉਥੋਂ ਫ਼ਰਾਰ ਹੋ ਗਏ। ਜ਼ਖਮੀ ਸਾਹਿਲ ਨੂੰ ਤੁਰੰਤ ਟਾਂਡਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਜਿੱਥੇ ਸ਼ਨੀਵਾਰ ਸਵੇਰੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਦੇਸ਼ ‘ਚ 2 ਸਾਲਾਂ ਸਪੈਸ਼ਲ B.Ed. ਕੋਰਸ ਬੰਦ, 4 ਸਾਲ ਦੇ ਕੋਰਸ ਨੂੰ ਹੀ ਮਿਲੇਗੀ ਮਾਨਤਾ
ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਕਸ਼ਮੀਰਾ ਲਾਲ ਦੀ ਸ਼ਿਕਾਇਤ ’ਤੇ ਅਭਿਸ਼ੇਕ ਵਾਸੀ ਤਲਵੰਡੀ ਸੱਲਾ, ਅੰਮ੍ਰਿਤਪਾਲ ਸਿੰਘ, ਆਸ਼ੂ ਉਰਫ਼ ਅਸ਼ੀਸ਼ ਵਾਸੀ ਮਾਨਪੁਰ, ਲਾਡੀ ਵਾਸੀ ਤਲਵੰਡੀ ਸੱਲਾ, ਸ਼ਿਵ ਚਰਨਜੀਤ ਵਾਸੀ ਮਾਨਪੁਰ, ਦੀਪੂ ਉਰਫ਼ ਦੀਪ ਵਾਸੀ ਮਾਨਪੁਰ, ਪੰਮਾ ਅਤੇ ਚਾਰ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”