ਲਖੀਮਪੁਰ ਮਾਮਲਾ ਭਖਣ ਪਿੱਛੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੈਬਨਿਟ ਦੀ ਅਹਿਮ ਬੈਠਕ ਅੱਜ ਰਾਤ 8 ਵਜੇ ਬੁਲਾਈ ਗਈ ਹੈ ਤੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਬੈਠਕ ਵਿਚ ਕਈ ਵੱਡੇ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ।
ਚੰਨੀ ਸਰਕਾਰ ਦੀ ਅੱਜ ਹੋਣ ਵਾਲੀ ਤੀਜੀ ਕੈਬਨਿਟ ਬੈਠਕ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਹਿਲੀ ਮੀਟਿੰਗ ਸਿਰਫ ਦੋ ਉਪ ਮੁੱਖ ਮੰਤਰੀਆਂ ਨਾਲ ਹੋਈ ਸੀ ਤੇ ਉਸ ਤੋਂ ਬਾਅਦ ਦੂਜੀ ਮੀਟਿੰਗ ਨਵਜੋਤ ਸਿੱਧੂ ਦੇ ਅਸਤੀਫੇ ਤੋਂ ਬਾਅਦ ਬੁਲਾਈ ਗਈ ਸੀ ਪਰ ਅੱਜ ਦੀ ਕੈਬਨਿਟ ਮੀਟਿੰਗ ਵਿਚ ਵੱਡੇ ਫੈਸਲੇ ਲਏ ਜਾਣ ਦੀ ਉਮੀਦ ਹੈ।
ਸਭ ਤੋਂ ਪਹਿਲਾਂ ਬਿਜਲੀ ਸਮਝੌਤਿਆਂ ਨੂੰ ਖਤਮ ਕਰਨਾ, ਲੋਕਾਂ ਨੂੰ ਸਸਤੀ ਬਿਜਲੀ ਦੇਣ, ਰੇਤ ਮਾਫੀਆ ਨੂੰ ਨੱਥ ਪਾਉਣ ਤੇ ਨਸ਼ਿਆਂ ਦੇ ਮਾਮਲੇ ਵਿਚ ਵੱਡੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਰਗੇ ਗੰਭੀਰ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਏ. ਜੀ. ਤੇ ਡੀ. ਜੀ. ਪੀ. ਦੀ ਨਿਯੁਕਤੀ ਸਬੰਧੀ ਵੀ ਮੰਤਰੀਆਂ ਤੋਂ ਰਾਏ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਮਿਸ ਵਰਲਡ ਮੁਕਾਬਲੇ ‘ਚ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਇੰਡੋ-ਅਮਰੀਕਨ ਬਣੀ ਪੰਜਾਬ ਦੀ ਇਹ ਧੀ
ਕੈਬਨਿਟ ਮੀਟਿੰਗ ਦੇ ਸਮੇਂ ਵਿਚ ਵੀ ਤਬਦੀਲੀ ਕੀਤੀ ਗਈ। ਪਹਿਲਾਂ ਬੈਠਕ ਸਵੇਰੇ 11 ਵਜੇ ਬੁਲਾਈ ਜਾਣੀ ਸੀ ਪਰ ਬਾਅਦ ਵਿਚ ਇਸ ਦਾ ਸਮਾਂ ਰਾਤ 8 ਵਜੇ ਦਾ ਕਰ ਦਿੱਤਾ ਗਿਆ ਜਿਸ ਤੋਂ ਸਾਫ ਸੰਕੇਤ ਹਨ ਕਿ ਮੰਤਰੀ ਮੰਡਲ ਵਿਚ ਅਹਿਮ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਹੋਵੇਗੀ।