ਭਾਰਤ-ਪਾਕਿ ਸਰਹੱਦ ‘ਤੇ ਹੋਣ ਵਾਲੀ ਹੈਰੋਇਨ ਤਸਕਰੀ ਨੂੰ ਇਕ ਵਾਰ ਫਿਰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਰੋਕਿਆ ਹੈ। ਅੰਮ੍ਰਿਤਸਰ ਵਿਚ ਜਵਾਨਾਂ ਨੂੰ ਲਗਭਗ 35 ਕਰੋੜ ਰੁਪਏ ਦੀ ਹੈਰੋਇਨ ਮਿਲੀ ਹੈ ਜਿਸ ਨੂੰ ਪਾਕਿਸਤਾਨੀ ਤਸਕਰਾਂ ਵੱਲ ਭੇਜਿਆ ਗਿਆ ਸੀ।
BSF ਮੁਤਾਬਕ 2-3 ਜੂਨ ਦੀ ਅੱਧੀ ਰਾਤ ਨੂੰ ਜਵਾਨ ਸਰਹੱਦ ‘ਤੇ ਗਸ਼ਤ ਕਰ ਰਹੇ ਸਨ। ਪਿੰਡ ਰਾਏ ਦੇ ਨੇੜੇ ਉਨ੍ਹਾਂ ਨੂੰ ਡ੍ਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੇ ਡ੍ਰੋਨ ਦੀ ਮੂਵਮੈਂਟ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਡ੍ਰੋਨ ਵੱਲੋਂ ਕੁਝ ਸੁੱਟੇ ਜਾਣ ਦਾ ਅਹਿਸਾਸ ਹੋਇਆ।
ਜਵਾਨਾਂ ਨੇ ਸੀਨੀਅਰ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਏਰੀਏ ਨੂੰ ਸੀਲ ਕਰਕੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ। ਉਦੋਂ ਉਨ੍ਹਾਂ ਨੂੰ ਖੇਤਾਂ ਵਿਚ ਵੱਡਾ ਪੀਲੇ ਰੰਗ ਦਾ ਪੈਕੇਟ ਮਿਲਿਆ।
ਇਹ ਵੀ ਪੜ੍ਹੋ : RSS ਵਰਕਰ ਨੇ ਮੁਸਲਿਮ ਔਰਤਾਂ ਨੂੰ ਕਿਹਾ ‘ਬੱਚਾ ਪੈਦਾ ਕਰਨ ਵਾਲੀ ਫੈਕਟਰੀ’, ਹੋਇਆ ਗ੍ਰਿਫ਼ਤਾਰ
ਜਵਾਨਾਂ ਨੇ ਪੈਕੇਟ ਨੂੰ ਖੋਲ੍ਹਿਆ ਤਾਂ ਉਸ ਵਿਚੋਂ 5 ਪੈਕੇਟ ਮਿਲੇ ਜਿਸ ਵਿਚ ਹੈਰੋਇਨ ਸੀ। ਇਸ ਦਾ ਭਾਰ 5.5 ਕਿਲੋ ਸੀ ਜਿਸ ਦਾ ਸੈਂਪਲ ਜਾਂਚ ਲਈ ਭੇਜ ਦਿੱਤਾ ਗਿਆ ਹੈ। ਫੜੀ ਗਈ ਹੈਰੋਇਨ ਦੀ ਇੰਟਰਨੈਸ਼ਨਲ ਕੀਮਤ ਲਗਭਗ 38 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਐੱਸਐੱਫ ਜਵਾਨਾਂ ਨੇ ਫਾਜ਼ਿਲਕਾ ਦੇ ਅਧੀਨ ਪੈਂਦੇ ਪਿੰਡ ਚੱਕਖੇਵਾ ਤੋਂ ਲਗਭਗ ਢਾਈ ਕਿਲੋ ਹੈਰੋਇਨ ਨੂੰ ਬਰਾਮਦ ਕੀਤਾ ਸੀ। ਇਹ ਖੇਪ ਵੀ ਡ੍ਰੋਨ ਵੱਲੋਂ ਹੀ ਸਰਹੱਦ ਪਾਰ ਤੋਂ ਤਸਕਰਾਂ ਵੱਲੋਂ ਭੇਜੀ ਗਈ ਸੀ ਜਿਸ ਨੂੰ ਜ਼ਬਤ ਕਰਕੇ ਤਸਕਰਾਂ ਦੀ ਕੋਸ਼ਿਸ਼ ਨੂੰ ਅਸਫਲ ਕੀਤਾ ਗਿਆ।