ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਸਿੰਘੂ ਬਾਰਡਰ ‘ਤੇ ਸ਼ੁਰੂ ਹੋ ਗਈ ਹੈ। ਬੈਠਕ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਘੱਟੋ-ਘੱਟ ਸਮਰਥਨ ਮੁੱਲ, ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਮੁਆਵਜ਼ਾ ਦੇਣ, ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਸਮੇਤ ਉਨ੍ਹਾਂ ਦੀ ਅਗਲੀ ਕਾਰਵਾਈ ਦੇ ਮੁੱਦੇ ਵਿਚਾਰੇ ਜਾਣਗੇ।
ਇਸ ਮੀਟਿੰਗ ਉਤੇ ਕੇਂਦਰ ਦੇ ਨਾਲ-ਨਾਲ ਹਜ਼ਾਰਾਂ ਲੋਕਾਂ ਦੀ ਨਜ਼ਰ ਬਣੀ ਹੋਈ ਹੈ। ਖੇਤੀ ਕਾਨੂੰਨਾਂ ਦੇ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਕਿਸਾਨ ਸੰਗਠਨਾਂ ਦੀ ਇਹ ਪਹਿਲੀ ਵਾਰ ਵੱਡੀ ਬੈਠਕ ਹੋਈ ਹੈ। ਮੀਟਿੰਗ ਵਿੱਚ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਸਮੇਤ ਸਮੂਹ ਜੱਥੇਬੰਦੀਆਂ ਦੇ ਆਗੂ ਸ਼ਮੂਲੀਅਤ ਕਰਨਗੇ। ਇਸ ਮੀਟਿੰਗ ਤੋਂ ਇਹ ਵੀ ਤੈਅ ਕੀਤਾ ਜਾਵੇਗਾ ਕਿ ਧਰਨਾਕਾਰੀ ਕਿਹੜੀਆਂ ਸ਼ਰਤਾਂ ‘ਤੇ ਅਤੇ ਕਿੰਨੇ ਦਿਨਾਂ ਤੱਕ ਆਪਣਾ ਅੰਦੋਲਨ ਜਾਰੀ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਸ਼ਨੀਵਾਰ ਨੂੰ ਸਿੰਘੂ ਬਾਰਡਰ ‘ਤੇ ਮੀਟਿੰਗ ਕੀਤੀ ਸੀ। ਇਸ ਵਿਚ ਫੈਸਲਾ ਲਿਆ ਗਿਆ ਸੀ ਕਿ ਅੰਦੋਲਨ ਲਈ ਪਹਿਲਾਂ ਤੈਅ ਕੀਤੇ ਗਏ ਪ੍ਰੋਗਰਾਮ ਜਾਰੀ ਰਹਿਣਗੇ। 22 ਨਵੰਬਰ ਨੂੰ ਲਖਨਊ ‘ਚ ਮਹਾਪੰਚਾਇਤ, 26 ਨਵੰਬਰ ਨੂੰ ਅੰਦੋਲਨ ਦੇ ਇਕ ਸਾਲ ਪੂਰੇ ਹੋਣ ‘ਤੇ ਸਾਰੇ ਮੋਰਚਿਆਂ ‘ਤੇ ਜਸ਼ਨ ਮਨਾਇਆ ਜਾਵੇਗਾ ਅਤੇ 29 ਨਵੰਬਰ ਨੂੰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ‘ਤੇ ਸੰਸਦ ਮਾਰਚ ਕੀਤਾ ਜਾਵੇਗਾ।