ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਹੈ ਤੇ ਕਿਸੇ ਨੂੰ ਵੀ ਇਸ ਘਟਨਾ ਲਈ ਬਖਸ਼ਿਆ ਨਹੀਂ ਜਾਵੇਗਾ…. ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਭਾਵੇਂ ਕੋਈ ਵੀ ਹੋਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ…. ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਸਭ ਤੋਂ ਪਹਿਲਾਂ ਹੈ….
ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ੍ਰੀ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਬੇਹੱਦ ਨਿੰਦਣਯੋਗ ਹੈ। ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨਾ ਰੁਕਣਾ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਦੀ ਦੁਬਾਰਾ ਅਜਿਹਾ ਅਪਰਾਧ ਕਰਨ ਦੀ ਹਿੰਮਤ ਨਾ ਹੋਵੇ। ਹਰਮੀਤ ਸਿੰਘ ਕਾਲਕਾ ਨੇ ਵੀ ਮੋਰਿੰਡਾ ਵਿਚ ਹੋਈ ਬੇਅਦਬੀ ਦੀ ਘਟਨਾ ਦੀ ਨਿਖੇਧੀ ਕੀਤੀ ਤੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਦਰਅਸਲ, ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਇੱਕ ਵਿਅਕਤੀ ਅਖੰਡ ਪਾਠ ਦੀ ਚਲਦੀ ਲੜੀ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਪਹੁੰਚ ਗਿਆ। ਇਸ ਦੌਰਾਨ ਉਸ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਬੈਠੇ ਗ੍ਰੰਥੀ ਸਿੰਘਾਂ ਨਾਲ ਕੁੱਟ.ਮਾਰ ਕੀਤੀ । ਇਸ ਦੌਰਾਨ ਗ੍ਰੰਥੀ ਸਿੰਘਾਂ ਦੀ ਦਸਤਾਰ ਵੀ ਲੱਥ ਗਈ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: