ਮਾਣਹਾਨੀ ਮਾਮਲੇ ਵਿਚ ਸਾਂਸਦ ਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਬਠਿੰਡਾ ਵਿਚ ਅੱਜ ਤੈਅ ਪੇਸ਼ੀ ਦੌਰਾਨ ਸੁਣਵਾਈ ਅੱਗੇ ਨਹੀਂ ਵਧ ਸਕੀ। ਇਸ ਦੌਰਾਨ ਨਾ ਤਾਂ ਕੰਗਨਾ ਖੁਦ ਅਦਾਲਤ ਵਿਚ ਹਾਜਰ ਹੋਈ ਤੇ ਨਾ ਹੀ ਇਸ ਮਾਮਲੇ ਵਿਚ ਗਵਾਹ ਪੇਸ਼ ਹੋ ਸਕੇ, ਜਿਸ ਕਰਕੇ ਅਦਾਲਤ ਨੇ ਅਗਲੀ ਸੁਣਵਾਈ ਲਈ 12 ਮਈ ਦੀ ਤਰੀਕ ਤੈਅ ਕੀਤੀ ਹੈ।
ਸੁਣਵਾਈ ਦੌਰਾਨ ਕੰਗਨਾ ਦੇ ਪਾਸਪੋਰਟ ਜ਼ਬਤ ਕਰਨ ਦੇ ਮੁੱਦੇ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਵਾਲੀ ਸੀ। ਉਨ੍ਹਾਂ ਦੇ ਵਕੀਲ ਨੇ ਮਾਣਹਾਨੀ ਮਾਮਲੇ ਦੇ ਮੁੱਖ ਗਵਾਹ ਕਿਸਾਨ ਸੁਰਜੀਤ ਸਿੰਘ ਫੂਲ ਤੋਂ ਪੁੱਛਗਿੱਛ ਕਰਨੀ ਸੀ। ਹਾਲਾਂਕਿ, ਸੁਰਜੀਤ ਸਿੰਘ ਫੂਲ ਸਿਹਤ ਠੀਕ ਨਾ ਹੋਣ ਕਾਰਨ ਪੇਸ਼ ਨਹੀਂ ਹੋ ਸਕੇ, ਜਦਕਿ ਗੁਰਪ੍ਰੀਤ ਸਿੰਘ ਦੀ ਗਵਾਹੀ ਵੀ ਅੱਜ ਦਰਜ ਨਹੀਂ ਹੋ ਸਕੀ।

ਮਾਤਾ ਮਹਿੰਦਰ ਕੌਰ ਦੇ ਵਕੀਲ ਰਘੁਵੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਦੇ ਵਕੀਲ ਨੇ ਪਹਿਲਾਂ ਸੁਰਜੀਤ ਸਿੰਘ ਦੀ ਗਵਾਹੀ ਦੀ ਗੱਲ ਕਹੀ ਸੀ। ਸੁਰਜੀਤ ਸਿੰਘ ਦੀ ਗੈਰ-ਹਾਜਰੀ ਕਾਰਨ ਕੰਗਨਾ ਰਣੌਤ ਦੇ ਵਕੀਲ ਨੇ ਬੇਬੇ ਮਹਿੰਦਰ ਕੌਰ ਤੇ ਇੱਕ ਹੋਰ ਗਵਾਹ ਤੋਂ ਸਵਾਲ-ਜਵਾਬ ਲਈ ਅਗਲੀ ਤਰੀਕ ਮੰਗੀ।
ਇਸ ਦੌਰਾਨ, ਸ਼ਿਕਾਇਤਕਰਤਾ ਪੱਖ ਦੀ ਇੱਕ ਬਜ਼ੁਰਗ ਔਰਤ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਦਾਲਤ ਉਨ੍ਹਾਂ ਨੂੰ ਇਨਸਾਫ਼ ਦੇਵੇਗੀ, ਪਰ ਜੇ ਉਨ੍ਹਾਂ ਨੂੰ ਰਾਹਤ ਨਹੀਂ ਮਿਲਦੀ, ਤਾਂ “ਕੁਦਰਤ ਜ਼ਰੂਰ ਇਨਸਾਫ਼ ਦੇਵੇਗੀ।” ਮਾਮਲੇ ਦੀ ਅਗਲੀ ਸੁਣਵਾਈ 12 ਮਈ ਨੂੰ ਹੋਣੀ ਹੈ, ਜਿੱਥੇ ਗਵਾਹਾਂ ਦੇ ਪੇਸ਼ ਹੋਣ ਅਤੇ ਗਵਾਹੀਆਂ ਦਰਜ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ‘ਆਪ੍ਰੇਸ਼ਨ ਲੋਟਸ’ ਖਿਲਾਫ਼ ਨਿੰਦਾ ਮਤਾ ਲਿਆਵੇਗੀ ਪੰਜਾਬ ਸਰਕਾਰ! ਸੱਦਿਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ
ਦੱਸ ਦੇਈਏ ਕਿ ਮਾਮਲਾ ਕਿਸਾਨਾਂ ਦੇ ਵਿਰੋਧ ਨਾਲ ਜੁੜਿਆ ਹੈ। ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਕਿਸਾਨਾਂ ਦੇ ਵਿਰੋਧ ਦੌਰਾਨ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ ਬੇਬੇ ਮਹਿੰਦਰ ਕੌਰ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਮਹਿੰਦਰ ਕੌਰ ਵਿਰੁੱਧ ਇੱਕ ਪੋਸਟ ਪਾਈ ਸੀ।
ਇਸ ਪੋਸਟ ਵਿੱਚ ਉਸਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਅਜਿਹੀਆਂ ਔਰਤਾਂ ਧਰਨਿਆਂ ਲਈ 100-100 ਰੁਪਏ ਲੈ ਕੇ ਆਉਂਦੀਆਂ ਹਨ। ਮਹਿੰਦਰ ਕੌਰ ਨੇ ਉਦੋਂ ਤੋਂ ਕੰਗਨਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਕੁਝ ਸਮਾਂ ਪਹਿਲਾਂ, ਕੰਗਨਾ ਰਣੌਤ ਨੇ ਸੁਪਰੀਮ ਕੋਰਟ ਵਿੱਚ ਕੇਸ ਖਾਰਿਜ ਕਰਨ ਦੀ ਅਪੀਲ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਇਸਨੂੰ ਰੱਦ ਕਰ ਦਿੱਤਾ ਅਤੇ ਉਸਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:











