ਬਠਿੰਡਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਸ਼ੁੱਕਰਵਾਰ ਸ਼ਾਮ ਨੂੰ ਗੋਲੀ ਮਾਰ ਕੇ ਔਰਤ ਦੀ ਹੱਤਿਆ ਕਰਨ ਦੇ ਮਾਮਲੇ ਦੇ ਮੁਲਜ਼ਮ ਸੁਖਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਔਰਤ ਦਾ ਭਾਣਜਾ ਹੈ ਅਤੇ ਦੋਵਾਂ ਨੇ ਅਦਾਲਤ ਵਿੱਚ ਵਿਆਹ ਕਰਵਾਇਆ ਸੀ। ਆਪਸੀ ਝਗੜੇ ਕਾਰਨ ਨੌਜਵਾਨ ਨੇ ਔਰਤ ਦਾ ਕਤਲ ਕਰ ਦਿੱਤਾ। ਫਿਲਹਾਲ ਮੁਲਜ਼ਮ ਦੇ ਦੂਜੇ ਸਾਥੀ ਬਾਰੇ ਪਤਾ ਨਹੀਂ ਲੱਗ ਸਕਿਆ ਹੈ।
ਮੁਲਜ਼ਮ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜਿਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 13 ਤੋਂ ਵੱਧ ਕੇਸ ਦਰਜ ਹਨ। ਦੋਸ਼ੀ ਨੇ ਅਪਰਾਧ ਲਈ ਆਪਣੇ ਸਾਥੀ ਦੇ ਲਾਇਸੈਂਸੀ ਰਿਵਾਲਵਰ ਦੀ ਵਰਤੋਂ ਕੀਤੀ ਸੀ। ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਰਿਵਾਲਵਰ ਦੇ ਮਾਲਕ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।
ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਹਿਲਾ ਕੁਲਵਿੰਦਰ ਕੌਰ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਭਾਣਜੇ ਸੁਖਪਾਲ ਸਿੰਘ ਨਾਲ ਕੋਰਟ ਮੈਰਿਜ ਕਰਵਾਈ ਸੀ। ਬਾਅਦ ਵਿੱਚ ਦੋਵਾਂ ਵਿੱਚ ਆਪਸੀ ਝਗੜਾ ਹੋ ਗਿਆ। ਸ਼ੁੱਕਰਵਾਰ ਨੂੰ ਕੁਲਵਿੰਦਰ ਕੌਰ ਕਿਸੇ ਕੰਮ ਲਈ ਬਠਿੰਡਾ ਆਈ ਹੋਈ ਸੀ ਅਤੇ ਅਦਾਲਤ ਦੇ ਬਾਹਰ ਖੜ੍ਹੀ ਸੀ। ਇਸੇ ਦੌਰਾਨ ਸੁਖਪਾਲ ਸਿੰਘ ਆਪਣੇ ਇੱਕ ਸਾਥੀ ਨਾਲ ਕੁਲਵਿੰਦਰ ਕੋਲ ਆ ਗਿਆ। ਇਸ ਦੌਰਾਨ ਦੋਵਾਂ ਵਿਚਾਲੇ ਫਿਰ ਝਗੜਾ ਹੋ ਗਿਆ। ਜਿਸ ਤੋਂ ਬਾਅਦ ਸੁਖਪਾਲ ਨੇ ਕੁਲਵਿੰਦਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ।
ਘਟਨਾ ਤੋਂ ਬਾਅਦ ਸੀਆਈਏ ਸਟਾਫ ਵਨ ਦੀ ਪੁਲਿਸ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਟੀ-ਪੁਆਇੰਟ ਮਲੋਟ ਰੋਡ ਤੋਂ ਮੁਲਜ਼ਮ ਸੁਖਪਾਲ ਸਿੰਘ ਨੂੰ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਰਿਵਾਲਵਰ ਉਸ ਦੇ ਇੱਕ ਸਾਥੀ ਦਾ ਸੀ। ਜਿਸ ਦਾ ਪੁਲਿਸ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਰਿਕਾਰਡ ਕਢਵਾ ਕੇ ਜਾਂਚ ਕਰਵਾਏਗੀ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਰਿਵਾਲਵਰ ਦੇ ਮਾਲਕ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਆਈ.ਜੀ ਨੇ ਦੱਸਿਆ ਕਿ ਪੁਲਿਸ ਨੇ ਕੁਲਵਿੰਦਰ ਕੌਰ ਦੇ ਪੁੱਤਰ ਯੋਸ਼ਨਦੀਪ ਸਿੰਘ ਦੇ ਬਿਆਨਾਂ ‘ਤੇ ਸੁਖਪਾਲ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਥਾਣਾ ਸਿਵਲ ਲਾਈਨ ਵਿੱਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਾਂਗਰਸ ਵੱਲੋਂ ਲੁਧਿਆਣਾ, ਬਠਿੰਡਾ, ਮਾਨਸਾ ਸਣੇ ਵੱਖ-ਵੱਖ ਜ਼ਿਲ੍ਹਿਆਂ ਦੇ 28 ਪ੍ਰਧਾਨ ਨਿਯੁਕਤ, ਲਿਸਟ ਜਾਰੀ
ਦੱਸ ਦੇਈਏ ਕਿ ਅਦਾਲਤ ਦੀ ਚਾਰਦੀਵਾਰੀ ਦੇ ਬਾਹਰ ਜਿਸ ਥਾਂ ‘ਤੇ ਇਹ ਘਟਨਾ ਵਾਪਰੀ, ਉਸ ਤੋਂ ਪੰਜਾਹ ਗਜ਼ ਦੀ ਦੂਰੀ ’ਤੇ ਟ੍ਰੈਫਿਕ ਪੁਲਿਸ ਵੱਲੋਂ ਹਮੇਸ਼ਾ ਨਾਕਾਬੰਦੀ ਕੀਤੀ ਜਾਂਦੀ ਹੈ ਅਤੇ ਆਸ-ਪਾਸ ਸੀਸੀਟੀਵੀ ਕੈਮਰੇ ਵੀ ਲਾਏ ਜਾਂਦੇ ਹਨ। ਪਰ ਸੀਸੀਟੀਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ ਸਨ ਅਤੇ ਨਾਕੇ ’ਤੇ ਤਾਇਨਾਤ ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਨਾ ਤਾਂ ਔਰਤ ਦੀ ਕੋਈ ਮਦਦ ਕੀਤੀ ਅਤੇ ਨਾ ਹੀ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਵਾਇਰਲ ਹੋਈ ਵੀਡੀਓ ‘ਚ ਆਮ ਲੋਕ ਜ਼ਖਮੀ ਔਰਤ ਨੂੰ ਚੁੱਕ ਕੇ ਆਟੋ ‘ਚ ਹਸਪਤਾਲ ਲੈ ਜਾ ਰਹੇ ਸਨ ਪਰ ਨੇੜੇ ਖੜ੍ਹੇ ਦੋ ਟਰੈਫਿਕ ਪੁਲਸ ਮੁਲਾਜ਼ਮਾਂ ਨੇ ਕੋਈ ਮਦਦ ਨਹੀਂ ਕੀਤੀ, ਇਕ ਮੋਬਾਇਲ ‘ਤੇ ਗੱਲ ਕਰਦਾ ਰਿਹਾ। ਦੂਜਾ ਲੋਕਾਂ ਨੂੰ ਆਦੇਸ਼ ਦੇ ਰਿਹਾ ਹੈ। ਜਦੋਂ ਇਸ ਸਬੰਧੀ ਆਈਜੀ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਜਾਂਚ ਕਰਵਾਉਣਗੇ।
ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰੇਗੀ। ਪੁਲੀਸ ਟੀਮ ਵੱਲੋਂ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: