ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਤਰਨਤਾਰਨ ‘ਚ 2019 ਦੇ ਬੰਬ ਧਮਾਕੇ ਦੇ ਮਾਸਟਰਮਾਈਂਡ ਬਿਕਰਮ ਸਿੰਘ ਉਰਫ ਬਿੱਕਰ ਬਾਬਾ ਨੂੰ ਆਸਟਰੀਆ ਤੋਂ ਡਿਪੋਰਟ ਹੋਣ ਤੋਂ ਬਾਅਦ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਦੋਸ਼ੀ ਨੂੰ ਮੋਹਾਲੀ ਐਨਆਈਏ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 17 ਦਸੰਬਰ ਤੱਕ ਰਿਮਾਂਡ ‘ਤੇ ਲਿਆ ਗਿਆ ਹੈ।
ਦੱਸ ਦੇਈਏ ਕਿ ਸਤੰਬਰ 2019 ਵਿੱਚ ਤਰਨਤਾਰਨ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ। ਐਨਆਈਏ ਇਸ ਮਾਮਲੇ ਵਿੱਚ ਨੌਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਇਸ ਸਬੰਧੀ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਦਰ ਬਾਜ਼ਾਰ ਵਿੱਚ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਬਾਅਦ ਵਿੱਚ ਐਨਆਈਏ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਗ੍ਰਿਫ਼ਤਾਰ ਮੁਲਜ਼ਮ ਮਲਕੀਤ ਸਿੰਘ ਸ਼ੇਰਾ ਨੇ ਖੁਲਾਸਾ ਕੀਤਾ ਸੀ ਕਿ ਬੰਬ ਧਮਾਕੇ ਦਾ ਮਾਸਟਰਮਾਈਂਡ ਬਿਕਰਮ ਸਿੰਘ ਪੰਜਵੜ ਉਰਫ਼ ਬਿੱਕਰ ਸੀ। ਉਸ ਨੇ 2014 ਵਿੱਚ ਉਸ ਨਾਲ ਦੋਸਤੀ ਕੀਤੀ। ਬਿਕਰਮ ਆਈਈਡੀ ਵਿਸਫੋਟਕ ਬਣਾਉਣ ਦਾ ਮਾਹਰ ਹੈ ਅਤੇ ਉਸ ਨੇ ਵਿਸਫੋਟਕ ਸਮੱਗਰੀ ਤਿਆਰ ਕੀਤੀ ਸੀ। ਜੁਲਾਈ 2018 ਵਿੱਚ ਬਿਕਰਮ ਅਰਮੇਨੀਆ ਦੇ ਰਸਤੇ ਆਸਟਰੀਆ ਭੱਜ ਗਿਆ ਸੀ।
ਬਿਕਰਮ ਨੂੰ ਅੱਤਵਾਦੀ ਗੁਰਜੰਟ ਤੋਂ ਧਮਾਕੇ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਬਿਕਰਮ ਨੇ ਵਿਦੇਸ਼ ਤੋਂ ਹੀ ਉਸ ਨੂੰ ਆਦੇਸ਼ ਦਿੱਤਾ ਸੀ ਕਿ ਗੁਰਜੰਟ ਅਤੇ ਉਹ ਜ਼ਮੀਨ ਵਿੱਚ ਦੱਬੇ ਬੰਬਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਦੀ ਵਰਤੋਂ ਕੁਝ ਵੀਆਈਪੀ ਨੂੰ ਮਾਰਨ ਵਿੱਚ ਕਰਨ। 5 ਸਤੰਬਰ 2019 ਨੂੰ ਜਦੋਂ ਧਮਾਕਾ ਹੋਇਆ ਤਾਂ ਗੁਰਜੰਟ ਅਤੇ ਉਸਦੇ ਦੋ ਸਾਥੀ ਹਰਪ੍ਰੀਤ ਸਿੰਘ ਅਤੇ ਵਿਕਰਮਜੀਤ ਬੰਬ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਧਮਾਕੇ ਵਿੱਚ ਹਰਪ੍ਰੀਤ ਸਿੰਘ ਅਤੇ ਬਿਕਰਮਜੀਤ ਦੀ ਮੌਤ ਹੋ ਗਈ ਅਤੇ ਗੁਰਜੰਟ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ : ਸੰਗਤਾਂ ਦੀ ਮਦਦ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਬਣਾਇਆ ਗਿਆ ਇੱਕ ਹੋਰ ਕੇਂਦਰ
ਇਨ੍ਹਾਂ ਦੋਵਾਂ ਬੰਬਾਂ ਦਾ ਇਸਤੇਮਾਲ 2016 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਰੇ ਜਾਣ ਲਈ ਕੀਤਾ ਜਾਣਾ ਸੀ। ਪਰ ਭਾਰੀ ਸੁਰੱਖਿਆ ਕਾਰਨ ਅੱਤਵਾਦੀ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਸਕੇ ਸਨ।
ਸੁਖਬੀਰ ਬਾਦਲ ਨਵੰਬਰ 2016 ‘ਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸਨ, ਜਦੋਂ ਉਨ੍ਹਾਂ ‘ਤੇ ਹਮਲੇ ਦੀ ਯੋਜਨਾ ਬਣਾਈ ਗਈ ਸੀ। ਯੋਜਨਾ ਮੁਤਾਬਕ ਜਿਵੇਂ ਹੀ ਸੁਖਬੀਰ ਨੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦੁਆਰ ‘ਤੇ ਪਹੁੰਚਣਾ ਸੀ ਤਾਂ ਪਹਿਲਾਂ ਬਿਕਰਮ ਨੇ ਤੇ ਬਾਅਦ ਵਿੱਚ ਸ਼ੇਰਾ ਨੇ ਬੰਬ ਸੁੱਟਣਾ ਸੀ। ਪਰ ਜਦੋਂ ਸੁਖਬੀਰ ਬਾਦਲ ਭਾਰੀ ਸੁਰੱਖਿਆ ਨਾਲ ਉਥੇ ਪਹੁੰਚੇ ਤਾਂ ਬਿਕਰਮ ਘਬਰਾ ਗਿਆ ਅਤੇ ਬੰਬ ਨਾ ਸੁੱਟ ਸਕਿਆ। ਬਾਅਦ ਵਿਚ ਉਸ ਨੇ ਦੋਵੇਂ ਬੰਬਾਂ ਨੂੰ ਸਟੀਲ ਦੇ ਡੱਬੇ ਵਿਚ ਪਾ ਕੇ ਜ਼ਮੀਨ ਵਿਚ ਦੱਬ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: