ਬਠਿੰਡਾ ਵਿੱਚ ਲਵ ਮੈਰਿਜ ਕਰਵਾਉਣ ਵਾਲੀ ਆਪਣੀ ਭੈਣ ਤੋਂ ਗੁੱਸੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਖੌਫਨਾਕ ਕਦਮ ਚੁੱਕਿਆ। ਭੈਣ ਦੇ ਘਰ ਜਾ ਕੇ ਉਸ ਦੇ ਸਹੁਰੇ ਵਾਲਿਆਂ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਤੇ ਭੈਣ ਨੂੰ ਗੋਲੀ ਮਾਰ ਦਿੱਤੀ। ਔਰਤ ਨੇ ਚਾਰ ਸਾਲ ਪਹਿਲਾਂ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨਾਲ ਲਵ ਮੈਰਿਜ ਕਰਵਾਈ ਸੀ।
ਇਸ ਕਾਰਨ ਵਿਆਹੁਤਾ ਦੇ ਭਰਾਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਔਰਤ ਨੂੰ ਸਿਵਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸ਼ਨੀਵਾਰ ਦੁਪਹਿਰ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪੀੜਤਾ ਦੇ ਪਤੀ ਦੇ ਬਿਆਨਾਂ ‘ਤੇ ਕੁੱਲ 9 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਦਾ ਕਰੀਬ 4 ਸਾਲ ਪਹਿਲਾਂ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ। ਪਰਿਵਾਰ ਵਾਲੇ ਇਸ ਵਿਆਹ ਦੇ ਖਿਲਾਫ ਸਨ। ਇਸ ਕਾਰਨ ਉਹ ਆਪਣੀ ਭੈਣ ਤੇ ਉਸ ਦੇ ਸਹੁਰਿਆਂ ਵਾਲਿਆਂ ਨਾਲ ਰੰਜਿਸ਼ ਰਖਦੇ ਸਨ। ਇਸ ਕਾਰਨ ਸ਼ੁੱਕਰਵਾਰ ਦੇਰ ਰਾਤ ਕਰੀਬ ਪੌਣੇ ਦੋ ਵਜੇ ਔਰਤ ਦਾ ਭਰਾ ਆਪਣੇ ਕੁਝ ਸਾਥੀਆਂ ਨਾਲ ਉਸ ਦੇ ਘਰ ਦਾਖਲ ਹੋਇਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਮਾਰ ਦਿੱਤੀ।
ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਫਾਇਰਿੰਗ ਦੀ ਆਵਾਜ਼ ਸੁਣ ਕੇ ਜਦੋਂ ਔਰਤ ਦਾ ਸਹੁਰਾ ਕਮਰੇ ਤੋਂ ਬਾਹਰ ਆਇਆ ਤਾਂ ਹਮਲਾਵਰਾਂ ਨੇ ਪੀੜਤਾ ਦੇ ਸਹੁਰੇ ਨੂੰ ਵੀ ਕੁੱਟਿਆ ਅਤੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ। ਇਸ ਸਬੰਧੀ ਪੀੜਤਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਖੇਤਾਂ ਨੂੰ ਪਾਣੀ ਲਾਉਣ ਗਿਆ ਸੀ।
ਇਹ ਵੀ ਪੜ੍ਹੋ : ਐਤਵਾਰ ਨੂੰ ਟ੍ਰੇਨ ‘ਚ ਸਫ਼ਰ ਕਰਨ ਜਾ ਰਹੇ ਹੋ ਤਾਂ ਪੜ੍ਹ ਲਓ ਇਹ ਖ਼ਬਰ, 14 ਥਾਵਾਂ ‘ਤੇ ਕਿਸਾਨ ਰੋਕਣਗੇ ਟ੍ਰੇਨਾਂ
ਘਰ ਵਿੱਚ ਸਿਰਫ਼ ਬਜ਼ੁਰਗ ਅਤੇ ਔਰਤਾਂ ਹੀ ਸਨ। ਇਸ ਦੌਰਾਨ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਘਰ ਵਿਚ ਦਾਖਲ ਹੋ ਕੇ ਉਸ ਦੀ ਪਤਨੀ ਨੂੰ ਗੋਲੀ ਮਾਰੀ ਅਤੇ ਉਸ ਦੇ ਪਿਤਾ ਨੂੰ ਜ਼ਖਮੀ ਕਰ ਦਿੱਤਾ। ਪੀੜਤਾ ਮੁਤਾਬਕ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਪੀੜਤ ਦੇ ਪਤੀ ਨੇ ਦੱਸਿਆ ਕਿ ਉਹ ਪਹਿਲਾਂ ਜ਼ਖ਼ਮੀ ਪਤਨੀ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਲੈ ਕੇ ਗਿਆ, ਪਰ ਉੱਥੇ ਕੋਈ ਡਾਕਟਰ ਨਾ ਹੋਣ ਕਾਰਨ ਹਸਪਤਾਲ ਦੇ ਸਟਾਫ਼ ਨੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਨਾ ਕਰਦੇ ਹੋਏ ਉਸ ਦੀ ਪਤਨੀ ਨੂੰ ਰੈਫ਼ਰ ਕਰ ਦਿੱਤਾ। ਉਸ ਦੀ ਹਾਲਤ ਨਾਜ਼ੁਕ ਦੱਸਦਿਆਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ।
ਉਸ ਨੇ ਦੋਸ਼ ਲਾਇਆ ਕਿ ਗੋਲੀ ਉਸ ਦੀ ਪਤਨੀ ਦੇ ਸਰੀਰ ਦੇ ਅੰਦਰ ਹੀ ਸੀ। ਦੂਜੇ ਪਾਸੇ ਥਾਣਾ ਤਲਵੰਡੀ ਸਾਬੋ ਦੇ ਏ.ਐਸ.ਆਈ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਲਕਸ਼ਮਣ ਸਿੰਘ ਨੇ ਦੱਸਿਆ ਕਿ ਔਰਤ ਦੇ ਪਤੀ ਦੇ ਬਿਆਨਾਂ ‘ਤੇ ਪੀੜਤਾ ਦੇ ਭਰਾ ਸਮੇਤ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: