ਪਟਿਆਲਾ ‘ਚ ਵੀਰਵਾਰ ਨੂੰ ਦਿਨ-ਦਿਹਾੜੇ ਹੋਏ ਠੇਕੇਦਾਰ ਦਰਸ਼ਨ ਕੁਮਾਰ ਸਿੰਗਲਾ ਦੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਵੀ ਠੇਕੇਦਾਰ ਹੈ, ਜਿਸ ਦੀ ਦਰਸ਼ਨ ਸਿੰਗਲਾ ਨਾਲ ਪਿਛਲੇ ਪੰਜ ਸਾਲਾਂ ਤੋਂ ਕਾਰੋਬਾਰੀ ਦੁਸ਼ਮਣੀ ਸੀ। ਇਸ ਕਾਰਨ ਉਸ ਨੇ ਸਾਜ਼ਿਸ਼ ਰਚੀ ਅਤੇ ਕਤਲ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੋਸ਼ੀ ਕੋਲੋਂ ਵਾਰਦਾਤ ਵਿੱਚ ਵਰਤੀ ਮੋਟਰਸਾਈਕਲ ਅਤੇ 32 ਬੋਰ ਦਾ ਲਾਇਸੈਂਸੀ ਰਿਵਾਲਵਰ ਬਰਾਮਦ ਕਰ ਲਿਆ ਹੈ।
ਵੀਰਵਾਰ ਸਵੇਰੇ ਕਰੀਬ 9.40 ਵਜੇ ਠੇਕੇਦਾਰ ਦਰਸ਼ਨ ਕੁਮਾਰ ਸਿੰਗਲਾ ਵਾਸੀ ਸੁਨਾਮ ਜ਼ਿਲ੍ਹਾ ਸੰਗਰੂਰ ਆਪਣੇ ਮੁੰਡੇ ਸ਼ੈਰੀ ਦੇ ਨਾਲ ਨਾਭਾ ਰੋਡ ‘ਤੇ ਸਥਿਤ ਯਾਦਵਿੰਦਰਾ ਐਨਕਲੇਵ ਇਲਾਕੇ ਦੀ ਮਾਰਕੀਟ ‘ਚ ਸਥਿਤ ਆਪਣੀ ਐੱਸਐੱਸ ਸਰਵਿਸ ਪ੍ਰੋਵਾਈਡਰ ਕੰਪਨੀ ਦੇ ਦਫ਼ਤਰ ‘ਚ ਕਾਰ ਵਿੱਚ ਬੈਠਾ ਸੀ। ਜਿਵੇਂ ਹੀ ਉਹ ਕਾਰ ਤੋਂ ਬਾਹਰ ਨਿਕਲਿਆ ਤਾਂ ਇਕ ਮੋਟਰਸਾਈਕਲ ਸਵਾਰ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੰਜ ਗੋਲੀਆਂ ਲੱਗਣ ਕਾਰਨ ਠੇਕੇਦਾਰ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਦੋ ਗੋਲੀਆਂ ਠੇਕੇਦਾਰ ਦੇ ਸਿਰ ਵਿੱਚ, ਦੋ ਪੇਟ ਵਿੱਚ ਅਤੇ ਇੱਕ ਪਿੱਠ ਵਿੱਚ ਲੱਗੀਆਂ। ਦਰਸ਼ਨ ਸਿੰਗਲਾ ਮੁੱਖ ਤੌਰ ’ਤੇ ਪੀਆਰਟੀਸੀ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਠੇਕੇ ’ਤੇ ਕੰਮ ਕਰਦਾ ਸੀ।
ਆਈਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਵਰੁਣ ਸ਼ਰਮਾ ਨੇ ਸ਼ੁੱਕਰਵਾਰ ਸਵੇਰੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਐਸਪੀ (ਸਿਟੀ), ਐਸਪੀ (ਡੀ) ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਫੌਰੀ ਤੌਰ ‘ਤੇ ਇੰਟਰ ਸਟੇਟ ਤੇ ਇੰਟਰ ਜ਼ਿਲ੍ਹਾ ਨਾਕਾਬੰਦੀ ਕਰਵਾਈ ਗਈ ਅਤੇ ਸਾਰੀ ਪੁਲਿਸ ਫੋਰਸ ਨੂੰ ਅਲਰਟ ਕੀਤਾ ਗਿਆ। ਇਸ ਘਟਨਾ ਬਾਰੇ ਗੁਆਂਢੀ ਜ਼ਿਲ੍ਹਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਇਸ ਟੀਮ ਨੇ ਮੁਸਤੈਦੀ ਨਾਲ ਕੰਮ ਕਰਦੇ ਹੋਏ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਇਸ ਵਾਰਦਾਤ ਨੂੰ ਸੁਲਝਾ ਲਿਆ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਦੋਸ਼ੀ ਦੀ ਪਛਾਣ ਪਵਨ ਬਜਾਜ ਉਰਫ਼ ਰਿੰਕੂ ਵਾਸੀ ਅਰਬਨ ਅਸਟੇਟ ਪਟਿਆਲਾ ਨੇੜੇ ਰਾਇਲ ਸਿਟੀ ਵਜੋਂ ਹੋਈ ਹੈ। ਦੋਸ਼ੀ ਨੂੰ ਨਾਭਾ-ਪਟਿਆਲਾ ਰੋਡ ’ਤੇ ਪਿੰਡ ਰੌਣੀ ਨੇੜੇ ਕਾਬੂ ਕੀਤਾ ਗਿਆ। ਉਸ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਲਾਇਸੈਂਸੀ ਰਿਵਾਲਵਰ 32 ਬੋਰ ਸਮੇਤ ਪੰਜ ਖਾਲੀ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ : ਦੁਨੀਆ ‘ਚ ਪਹਿਲੀ ਵਾਰ ਡਾਕਟਰਾਂ ਨੇ ਕੀਤੀ ਮਾਂ ਦੇ ਗਰਭ ‘ਚ ਹੀ ਬੱਚੇ ਦੀ ਬ੍ਰੇਨ ਸਰਜਰੀ
ਆਈਜੀ ਨੇ ਦੱਸਿਆ ਕਿ ਦਰਸ਼ਨ ਸਿੰਗਲਾ ਵੱਡੇ ਪੱਧਰ ‘ਤੇ ਸਰਵਿਸ ਪ੍ਰੋਵਾਈਡਰ ਦਾ ਕੰਮ ਕਰਦਾ ਸੀ। ਦੋਸ਼ੀ ਪਵਨ ਬਜਾਜ ਉਸ ਤੋਂ ਖਾਰ ਖਾਂਦਾ ਸੀ ਅਤੇ ਕਾਰੋਬਾਰ ਵਿਚ ਅੱਗੇ ਵਧਣਾ ਚਾਹੁੰਦਾ ਸੀ। ਦੋਸ਼ੀ ਦੀ ਫਰਮ ਦਾ ਨਾਂ ਮੈਸਰਜ਼ ਪਵਨ ਬਜਾਜ ਸੀ। ਦੋਵਾਂ ਵਿਚਾਲੇ ਪਿਛਲੇ ਪੰਜ ਸਾਲਾਂ ਤੋਂ ਕਾਰੋਬਾਰ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਇੱਥੋਂ ਤੱਕ ਕਿ ਦੋਵਾਂ ਨੇ ਕਈ ਵਿਭਾਗਾਂ ਅਤੇ ਫਰਮਾਂ ਵਿੱਚ ਇੱਕ-ਦੂਜੇ ਖਿਲਾਫ਼ ਸ਼ਿਕਾਇਤਾਂ ਵੀ ਦਿੱਤੀਆਂ ਸਨ।
ਦੋਸ਼ੀ ਨੇ ਕੁਝ ਸਮਾਂ ਪਹਿਲਾਂ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿੱਚ ਪੈਰਾ ਮੈਡੀਕਲ ਸਟਾਫ਼ ਨੂੰ ਠੇਕੇ ’ਤੇ ਰੱਖਣ ਦਾ ਕਾਂਟਰੈਕਟ ਲਿਆ ਸੀ। ਦੋਸ਼ੀ ਨੇ ਕਾਰੋਬਾਰੀ ਰੰਜਿਸ਼ ਕਾਰਨ ਦਰਸ਼ਨ ਸਿੰਗਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਅਤੇ ਫਿਰ ਬਾਕਾਇਦਾ ਰੇਕੀ ਕਰ ਕੇ ਇਸ ਨੂੰ ਅੰਜਾਮ ਦਿੱਤਾ, ਤਾਂ ਜੋ ਗਲਤੀ ਦੀ ਸੰਭਾਵਨਾ ਨਾ ਰਹੇ। ਪੁਲਿਸ ਮੁਤਾਬਕ ਦੋਸ਼ੀ ਪਵਨ ਬਜਾਜ ਤੋਂ ਪੁੱਛਗਿੱਛ ਜਾਰੀ ਹੈ, ਜਿਸ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: