ਫਰੀਦਕੋਟ ਸਿਵਲ ਹਸਪਤਾਲ ਦਾ ਜੱਚਾ-ਬੱਚਾ ਵਾਰਡ ਅੱਜ ਜੰਗ ਦਾ ਮੈਦਾਨ ਬਣ ਗਿਆ। ਇਥੇ ਦੋ ਧਿਰਾਂ ਆਪਸ ਵਿਚ ਭਿੜ ਗਈਆਂ। ਦੋ ਦਿਨ ਦੇ ਬੱਚੇ ਨੂੰ ਲੈ ਕੇ ਖੂਬ ਹੰਗਾਮਾ ਹੋਇਆ ਤੇ ਮਾਰਕੁੱਟ ਹੋਈ। ਨਕੋਦਰ ਤੋਂ ਆਏ ਲੋਕਾਂ ਨੇ ਇੱਟ-ਪੱਥਰ ਚਲਾਏ ਜਿਸ ਵਿਚ 6 ਲੋਕਾਂ ਦੇ ਸਿਰ ‘ਤੇ ਸੱਟਾਂ ਲੱਗੀਆਂ। ਮਾਰਕੁੱਟ ਦੀ ਸੂਚਨਾ ਮਿਲਣ ‘ਤੇ ਫਰੀਦਕੋਟ ਪੁਲਿਸ ਦੇ ਐੱਸਪੀ-ਡੀਐੱਸਪੀ ਤੇ ਸਿਟੀ ਥਾਣਾ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਉਥੋਂ ਭੱਜ ਚੁੱਕੇ ਸਨ।
ਪੀੜਤ ਕਿਰਨ ਵਾਸੀ ਮੁੱਦਕੀ ਨੇ ਦੱਸਿਆ ਕਿ ਉਸ ਦੀ ਧੀ ਕਮਲਜੀਤ ਕੌਰ ਦਾ ਵਿਆਹ ਨਕੋਦਰ ਵਿਚ ਹੋਇਆ ਸੀ ਪਰ ਉਸ ਦੇ ਸਹੁਰੇ ਵਾਲੇ ਹਮੇਸ਼ਾ ਝਗੜਾ ਕਰਦੇ ਸਨ। ਕਿਰਨ ਮੁਤਾਬਕ ਪਿਛਲੇ 6 ਮਹੀਨੇ ਤੋਂ ਧੀ ਉਸ ਕੋਲ ਹੀ ਸੀ। ਦੋ ਦਿਨ ਪਹਿਲਾਂ ਕਮਲਜੀਤ ਕੌਰ ਨੇ ਫਰੀਦਕੋਟ ਸਿਵਲ ਹਸਪਤਾਲ ਵਿਚ ਪੁੱਤਰ ਨੂੰ ਜਨਮ ਦਿੱਤਾ ਜਿਸ ਦੀ ਸਿਹਤ ਠੀਕ ਨਾ ਹੋਣ ‘ਤੇ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਧੀ ਦੇ ਸਹੁਰੇ ਵਾਲੇ ਕਹਿ ਰਹੇ ਹਨ ਕਿ ਪੁੱਤ ਉਨ੍ਹਾਂ ਨੂੰ ਦੇ ਦਿਓ। ਇਸ ਲਈ ਉਨ੍ਹਾਂ ਹਸਪਤਾਲ ਵਿਚ ਹੰਗਾਮਾ ਕੀਤਾ।
ਇਹ ਵੀ ਪੜ੍ਹੋ : ਲਾਇਸੈਂਸ ਫਰਜ਼ੀ ਸਾਬਤ ਕਰਨ ਲਈ RTI ਤੋਂ ਮਿਲੀ ਸੂਚਨਾ ਕਾਫੀ ਨਹੀਂ, ਹਾਈਕੋਰਟ ਨੇ ਬੀਮਾ ਕੰਪਨੀ ਨੂੰ ਦਿੱਤੇ ਮੁਆਵਜ਼ਾ ਦੇਣ ਦੇ ਹੁਕਮ
ਕਿਰਨ ਨੇ ਦੱਸਿਆ ਕਿ ਮੁਲਜ਼ਮ ਕਈ ਲੋਕਾਂ ਨੂੰ ਲੈ ਕੇਆਏ ਤੇ ਜ਼ਬਰਦਸਤੀ ਪੁੱਤਰ ਨੂੰ ਲਿਜਾਣ ਦੀ ਗੱਲ ਕਰਨ ਲੱਗੇ। ਜਦੋਂ ਉਨ੍ਹਾਂ ਨੇ ਮਨ੍ਹਾ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਲੋਕਾਂ ‘ਤੇ ਹਮਲਾ ਕੀਤਾ। ਉਨ੍ਹਾਂ ਇੱਟ-ਪੱਥਰ ਚਲਾਏ ਜਿਸ ਨਾਲ ਉਨ੍ਹਾਂ ਦੇ ਪਤੀ, ਪੁੱਤਰ ਤੋਂ ਇਲਾਵਾ ਕਈਆਂ ਦੇ ਸਿਰ ‘ਤੇ ਸੱਟਾਂ ਲੱਗੀਆਂ। ਫਰੀਦਕੋਟ ਐੱਸਪੀ ਮੁਤਾਬਕ ਜ਼ਖਮੀਆਂ ਦੇ ਬਿਆਨ ਦਰਜ ਕਰਵਾ ਰਹੇ ਹਨ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: