ਪੰਜਾਬ ਵਿਧਾਨ ਸਭਾ ਦੇ 19 ਤੇ 20 ਜੂਨ ਨੂੰ ਬੁਲਾਏ ਗਏ ਦੋ ਦਿਨਾ ਵਿਸ਼ੇਸ਼ ਸੈਸ਼ਨ ਦੌਰਾਨ ਸੂਬਾ ਸਰਕਾਰ ਜਿਥੇ ਆਪਣੇ ਜ਼ਰੂਰੀ ਬਿੱਲਾਂ ਨੂੰ ਮਨਜ਼ੂਰੀ ਦੇਵੇਗੀ ਉਥੇ ਵਿਰੋਧੀ ਧਿਰ ਨੂੰ ਵੱਖ-ਵੱਖ ਮੁੱਦੇ ਚੁੱਕਣ ਲਈ ਸਮਾਂ ਨਹੀਂ ਮਿਲ ਸਕੇਗਾ। ਦੋ ਦਿਨਾ ਸੈਸ਼ਨ ਦੇ ਪ੍ਰੋਗਰਾਮ ਵਿਚ ਫੇਰਬਦਲ ਕੀਤਾ ਗਿਆ ਹੈ। ਜਿਸ ਤਹਿਤ ਹੁਣ 19 ਜੂਨ ਨੂੰ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸਦਨ ਦੀ ਕਾਰਵਾਈ ਅਗਲੇ ਦਿਨ ਤੱਕ ਮੁਲਤਵੀ ਕਰ ਦਿੱਤੀ ਜਾਵੇਗੀ।
20 ਜੂਨ ਨੂੰ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਅਦ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਦੋ ਦਿਨਾਂ ਸੈਸ਼ਨ ਦੌਰਾਨ ਕੋਈ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਨਹੀਂ ਹੋਵੇਗਾ, ਜਿਸ ਕਾਰਨ ਵਿਰੋਧੀ ਧਿਰ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਸਮਾਂ ਨਹੀਂ ਮਿਲੇਗਾ। ਉਂਝ ਪੰਜਾਬ ਕਾਂਗਰਸ ਨੇ ਇਸ ਸੈਸ਼ਨ ਵਿੱਚ ਆਪਰੇਸ਼ਨ ਲੋਟਸ ਦਾ ਮੁੱਦਾ ਉਠਾਉਣ ਦੀ ਤਿਆਰੀ ਕਰ ਲਈ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਮੁੱਦੇ ’ਤੇ ਵੀ ਕਾਂਗਰਸ ਸੱਤਾਧਾਰੀ ਧਿਰ ਨੂੰ ਘੇਰਨ ਦੇ ਮੂਡ ਵਿੱਚ ਹੈ।
ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਇਸ ਸੈਸ਼ਨ ਵਿਚ ਕੇਂਦਰ ਖਿਲਾਫ ਪ੍ਰਸਤਾਵ ਪਾਸ ਕਰਾਉਣ ਦੀ ਯੋਜਨਾ ਬਣਾਈ ਗਈ ਹੈ। ਜਾਣਕਾਰੀ ਅਨੁਸਾਰ 19 ਜੂਨ ਦੇ ਦੁਪਹਿਰ 2 ਵਜੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਦੀ ਬੈਠਕ ਬੁਲਾਈ ਗਈ ਹੈ ਜਿਸ ਵਿਚ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਵੱਖ-ਵੱਖ ਯੋਜਨਾਵਾਂ ਲਈ ਨਿਰਧਾਰਤ ਫੰਡ ਦਾ ਭੁਗਤਾਨ ਨਾ ਕਰਨ ਖਿਲਾਫ ਆਰਡੀਨੈਂਸ ਲਿਆਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਤੇ ਸਰਕਾਰ ਇਸ ਪ੍ਰਸਤਾਵ ਜ਼ਰੀਏ ਸਦਨ ਵਿਚ ਆਰਡੀਨੈਂਸ ਨੂੰ ਮਨਜ਼ੂਰੀ ਦਿਵਾਏਗੀ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ‘ਚ ਦਿਖੇਗਾ ਬਿਪਰਜਾਏ ਦਾ ਅਸਰ, ਚੱਲਣਗੀਆਂ ਤੇਜ਼ ਹਵਾਵਾਂ, ਕਈ ਇਲਾਕੇ ਯੈਲੋ ਅਲਰਟ ‘ਤੇ
ਵਿਧਾਨ ਸਭਾ ਦੇ ਇਸ ਦੋ-ਰੋਜ਼ਾ ਵਿਸ਼ੇਸ਼ ਸੈਸ਼ਨ ਤੋਂ ਬਾਅਦ ਪੰਜਾਬ ਸਰਕਾਰ 22 ਫਰਵਰੀ ਤੋਂ ਸ਼ੁਰੂ ਹੋਏ ਬਜਟ ਸੈਸ਼ਨ ਨੂੰ ਅੱਗੇ ਵਧਾਉਣ ਲਈ ਰਾਜਪਾਲ ਨੂੰ ਸੂਚਿਤ ਕਰੇਗੀ। ਇਸ ਗੱਲ ਦੇ ਸੰਕੇਤ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤੇ ਹਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਮੱਦੇਨਜ਼ਰ ਮੌਜੂਦਾ ਸੈਸ਼ਨ ਨੂੰ ਅੱਗੇ ਵਧਾ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: