ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੇ ਆਪਣੇ ਹਿੱਸੇਦਾਰ ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਤੇ ਚੰਡੀਗੜ੍ਹ ਲਈ ਭਾਖੜਾ ਬੰਨ੍ਹ ਤੋਂ 26840 ਕਿਊਸਿਕ ਵਾਧੂ ਪਾਣੀ ਛੱਡ ਦਿੱਤਾ ਹੈ। ਆਸ-ਪਾਸ ਰਹਿਣ ਵਾਲਿਆਂ ਨੂੰ ਅਲਰਟ ਕਰ ਦਿੱਤਾ ਗਿਾ ਹੈ। ਇਸ ਫੈਸਲੇ ਨੂੰ ਲੈ ਕੇ ਕਿਸਾਨ ਸੰਗਠਨਾਂ ਵਿਚ ਜਿਥੇ ਸੰਤੋਸ਼ ਹੈ, ਉਥੇ ਸਿਆਸੀ ਪਾਰਟੀਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੇ ਮਸਲੇ ‘ਤੇ ਸਭ ਤੋਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ।
BBMB ਦੇ ਉਕਤ ਫੈਸਲੇ ਨੂੰ ਭਾਰਤੀ ਕਿਸਾਨ ਯੂਨੀਅਨ ਨੇ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਸਣੇ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਇਸ ਸਮੇਂ ਪਾਣੀ ਦੀ ਲੋੜ ਹੈ ਤੇ ਬੀਬੀਐੱਮਬੀ ਦੇ ਵਾਧੂ ਪਾਣੀ ਦੇਣ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਨੂੰ ਵੀ ਵਾਧੂ ਪਾਣੀ ਮਿਲਿਆ ਹੈ ਪਰ ਚਿੰਤਾਜਨਕ ਇਹ ਹੈ ਕਿ ਪੰਜਾਬ ਪਹਿਲਾਂ ਤੋਂ ਨਿਰਧਾਰਤ ਹਿੱਸੇ ਦਾ ਪੂਰਾ ਇਸਤੇਮਾਲ ਨਹੀਂ ਕਰ ਰਿਹਾ ਜਦੋਂ ਕਿ ਪੰਜਾਬ ਸਰਕਾਰ ਨੂੰ ਆਪਣੇ ਹਿੱਸੇ ਦੇ ਪਾਣੀ ਦਾ ਇਸਤੇਮਾਲ ਕਰਨ ਲਈ ਸਾਧਨ ਤਿਆਰ ਕਰਨੇ ਚਾਹੀਦੇ ਹਨ।
ਜ਼ਿਕਰਯੋਗ ਹੈ ਕਿ ਪਹਾੜੀ ਖੇਤਰਾਂ ਵਿਚ ਇਸ ਸਾਲ ਲਗਾਤਾਰ ਮੀਂਹ ਕਾਰਨ ਬੀਬੀਐੱਮਬੀ ਅਧੀਨ ਭਾਖੜਾ ਸਣੇ ਜ਼ਿਆਦਾਤਰ ਬੰਨ੍ਹ ਭਰੇ ਪਏ ਹਨ ਜਿਸ ਦੇ ਮੱਦੇਨਜ਼ਰ ਬੋਰਡ ਨੇ ਇਹ ਕਦਮ ਚੁੱਕਿਆ ਹੈ ਪਰ ਇਸ ਫੈਸਲੇ ਨਾਲ ਪੰਜਾਬ ਵਿਚ ਸਿਆਸੀ ਵਿਵਾਦ ਖੜ੍ਹਾ ਹੋਣ ਦੇ ਆਸਾਰ ਬਣ ਗਏ ਹਨ। ਭਾਖੜਾ ਤੋਂ ਛੱਡੇ ਗਏ ਵਾਧੂ ਪਾਣੀ ਵਿਚੋਂ ਜ਼ਿਆਦਾ ਹਿੱਸਾ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਹੈ ਕਿਉਂਕਿ ਪੰਜਾਬ ਬੀਬੀਐੱਮਬੀ ਵਿਚ ਆਪਣੇ 51 ਫੀਸਦੀ ਹਿੱਸੇ ਦਾ ਪੂਰਾ ਇਸਤੇਮਾਲ ਨਹੀਂ ਕਰ ਰਿਹਾ ਤੇ ਮੌਜੂਦਾ ਵਾਧੂ ਪਾਣੀ ਵੀ ਹਰਿਆਣਾ ਤੇ ਰਾਜਸਥਾਨ ਚਲਾ ਜਾਣਾ ਤੈਅ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣੇ ਜਿਹੇ ਪੰਜਾਬ ਤੋਂ ਚੋਣ ਸੂਬਾ ਰਾਜਸਥਾਨ ਤੱਕ ਪਾਣੀ ਦੀ ਸਪਲਾਈ ਵਧਾਉਣ ਦਾ ਵਾਅਦਾ ਕੀਤਾ ਸੀ। ਪਿਛਲੇ ਹਫਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਸਥਾਨ ਸਰਕਾਰ ਤੋਂ ਅਪੀਲ ਕੀਤੀ ਸੀ ਕਿ ਉਹ ਇਸ ਸਮੇਂ ਇੰਦਰਾ ਗਾਂਧੀ ਨਹਿਰ ਦੀ ਮੁਰੰਮਦ ਦਾ ਕੰਮ ਨਾ ਕਰੇ ਤੇ ਆਪਣੇ ਹਿੱਸੇ ਦਾ ਪਾਣੀ ਪਹੁੰਚਣ ਦੇਵੇ। ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਰਾਜਸਥਾਨ ਨੂੰ ਪਾਣੀ ਦੀ ਲੋੜ ਹੈ ਤਾਂ ਉਹ ਉਸ ਨੂੰ ਸਿਰਫ ਤੈਅ ਹਿੱਸਾ ਹੀ ਜਾਰੀ ਕਰ ਸਕਦੇ ਹਨ ਕਿਉਂਕਿ ਪੰਜਾਬ ਨੂੰ ਪਹਿਲਾਂ ਤੋਂ ਹੀ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: